ਗੁਰੂਗ੍ਰਾਮ ਲੁੱਟਖੋਹ ਮਾਮਲਾ : ਗੈਂਗਸਟਰ ਲਗਾਰਪੁਰੀਆ ਨੂੰ ਦੁਬਈ ''ਚ ਇੰਟਰਪੋਲ ਨੇ ਕੀਤਾ ਗ੍ਰਿਫ਼ਤਾਰ

05/06/2022 5:45:58 PM

ਗੁਰੂਗ੍ਰਾਮ (ਭਾਸ਼ਾ)- ਇੰਟਰਪੋਲ ਨੇ 30 ਕਰੋੜ ਰੁਪਏ ਦੀ ਲੁੱਟਖੋਹ ਦੇ ਮਾਸਟਰਮਾਈਂਡ ਗੁਰੂਗ੍ਰਾਮ ਦੇ ਗੈਂਗਸਟਰ ਵਿਕਾ ਲਗਾਰਪੁਰੀਆ ਨੂੰ ਦੁਬਈ ਤੋਂ ਗ੍ਰਿਫ਼ਤਾਰ ਕੀਤਾ ਹੈ। ਇੱਥੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਲਗਾਰਪੁਰੀਆ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਜਾਰੀ ਹੈ। ਏ.ਸੀ.ਪੀ. (ਅਪਰਾਧ) ਪ੍ਰੀਤ ਪਾਲ ਸਿੰਘ ਸਾਂਗਵਾਨ ਨੇ ਕਿਹਾ,''ਸਾਡੀ ਅਪਰਾਧ ਇਕਾਈ ਅਤੇ ਐੱਸ.ਟੀ.ਐੱਫ. ਨੇ ਕਰੋੜਾਂ ਰੁਪਏ ਦੀ ਲੁੱਟਖੋਹ ਦੇ ਮਾਮਲੇ 'ਚ ਗੈਂਗਸਟਰ ਲਗਾਰਪੁਰੀਆ ਨੂੰ ਪੁੱਛ-ਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਲੈਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।'' ਪਿਛਲੇ 7 ਸਾਲਾਂ ਤੋਂ ਫਰਾਰ ਲਗਾਰਪੁਰੀਆ ਖ਼ਿਲਾਫ਼ ਦਿੱਲੀ ਪੁਲਸ ਨੇ 'ਰੈੱਡ ਕਾਰਨਰ' ਨੋਟਿਸ ਜਾਰੀ ਕੀਤਾ ਸੀ। ਹਰਿਆਣਾ ਐੱਸ.ਟੀ.ਐੱਫ. ਗੁਰੂਗ੍ਰਾਮ 'ਚ 30 ਕਰੋੜ ਰੁਪਏ ਦੀ ਲੁੱਟਖੋਹ ਦੇ ਮਾਮਲੇ 'ਚ ਉਸ ਦੀ ਭਾਲ ਕਰ ਰਹੀ ਸੀ।

ਇਸ ਮਾਮਲੇ 'ਚ 2 ਡਾਕਟਰ, ਦਿੱਲੀ ਦਾ ਇਕ ਪੁਲਸ ਕਰਮੀ ਅਤੇ ਹਰਿਆਣਾ ਦਾ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਦਾ ਇਕ ਅਧਿਕਾਰੀ ਦੋਸ਼ੀ ਹੈ। ਘਟਨਾ ਪਿਛਲੇ ਸਾਲ 4 ਅਗਸਤ ਦੀ ਹੈ। ਦੋਸ਼ੀ ਇੱਥੇ ਸੈਕਟਰ 84 'ਚ ਇਕ ਫਲੈਟ 'ਚ ਦਾਖ਼ਲ ਹੋ ਕੇ 30 ਕਰੋੜ ਰੁਪਏ ਨਕਦੀ ਲੈ ਕੇ ਫਰਾਰ ਹੋ ਗਿਆ ਸੀ। ਫਲੈਟ ਤੋਂ ਇਕ ਨਿੱਜੀ ਕੰਪਨੀ ਦਾ ਦਫ਼ਤਰ ਸੰਚਾਲਿਤ ਹੋ ਰਿਹਾ ਸੀ। ਲਗਾਰਪੁਰੀਆ ਗਿਰੋਹ ਦੇ ਮੈਂਬਰ ਅਮਿਤ ਉਰਫ਼ ਮਿੱਟਾ, ਦਿੱਲੀ ਦੇ ਨਜਫਗੜ੍ਹ ਵਾਸੀ, ਉੱਤਰ ਪ੍ਰਦੇਸ਼ ਦੇ ਅਭਿਨਵ ਅਤੇ ਧਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਗੈਂਗਸਟਰ ਦੇ ਨਿਰਦੇਸ਼ 'ਤੇ ਨਕਦੀ ਲੁੱਟਣ ਦੀ ਗੱਲ ਸਵੀਕਾਰ ਕੀਤੀ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਸ.ਟੀ.ਐੱਫ. ਨੇ ਡਾ. ਸਚਿੰਦਰ ਜੈਨ ਨਵਲ ਅਤੇ ਡਾ. ਜੀ.ਪੀ. ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਦੌਰਾਨ ਐੱਸ.ਟੀ.ਐੱਫ. ਨੇ ਆਈ.ਪੀ.ਐੱਸ. ਅਧਿਕਾਰੀ ਧੀਰਜ ਸੇਤੀਆ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ, ਜਿਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਬਾਅਦ 'ਚ ਸੇਤੀਆ ਅਤੇ ਦੋਵੇਂ ਡਾਕਟਰਾਂ ਨੂੰ ਮਾਮਲੇ 'ਚ ਜ਼ਮਾਨਤ ਮਿਲ ਗਈ।


DIsha

Content Editor

Related News