ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ 'ਮਜਨੂੰ ਕਾ ਟਿੱਲਾ', ਗਰਮਾਈ ਸਿਆਸਤ

04/01/2020 2:26:25 PM

ਨਵੀਂ ਦਿੱਲੀ (ਸੁਨੀਲ ਪਾਂਡੇ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਾਪ੍ਰਵਾਹੀ ਦੇ ਚੱਲਦੇ ਇਤਿਹਾਸਕ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਪਿਛਲੇ 3 ਦਿਨਾਂ ਤੋਂ 300 ਤੋਂ ਵਧੇਰੇ ਲੋਕ ਪੰਜਾਬ 'ਚ ਆਪਣੇ ਘਰਾਂ ਨੂੰ ਜਾਣ ਦੀ ਆਸ 'ਚ ਫਸੇ ਹੋਏ ਹਨ। ਇਨ੍ਹਾਂ 'ਚੋਂ ਕੁਝ ਦੀ ਸਿਹਤ ਵੀ ਠੀਕ ਨਹੀਂ ਹੈ। ਸੂਤਰਾਂ ਮੁਤਾਬਕ ਕਈ ਲੋਕਾਂ 'ਚ ਕੋਰੋਨਾ ਦੇ ਲੱਛਣ ਮਿਲੇ ਹਨ। ਦੱਸ ਦੇਈਏ ਕਿ ਵੱਖ-ਵੱਖ ਥਾਵਾਂ ਤੋਂ ਪੈਦਲ ਚੱਲ ਕੇ 300 ਦੇ ਕਰੀਬ ਲੋਕ ਇੱਥੇ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਪਹੁੰਚੇ। ਦਰਅਸਲ ਲਾਕ ਡਾਊਨ ਹੋਣ ਕਰ ਕੇ ਇਹ ਲੋਕ ਇੱਥੇ ਫਸੇ ਹੋਏ ਹਨ। ਦਿੱਲੀ ਦੇ ਨਿਜ਼ਾਮੂਦੀਨ 'ਚ ਮਰਕਜ਼ ਇਮਾਰਤ 'ਚ 'ਤਬਲੀਗੀ ਜਮਾਤ' ਦਾ ਆਯੋਜਨ ਕੀਤਾ ਗਿਆ ਸੀ, ਜਿੱਥੋਂ 2361 ਦੇ ਕਰੀਬ ਲੋਕ ਕੱਢੇ ਗਏ। ਇਨ੍ਹਾਂ 'ਚੋਂ ਕਈ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ। 

PunjabKesari
ਦਿੱਲੀ ਕਮੇਟੀ ਲੱਭ ਰਹੀ ਹੈ ਬਚਾਅ ਦਾ ਰਾਹ—
ਇਸ ਮਰਕਜ਼ ਦਾ ਖੁਲਾਸਾ ਹੋਣ ਤੋਂ ਬਾਅਦ ਹੁਣ ਗੁਰਦੁਆਰਾ ਸਾਹਿਬ 'ਚ ਰੋਕੋ ਗਏ ਇਨ੍ਹਾਂ ਲੋਕਾਂ ਨੂੰ ਲੈ ਕੇ ਵੀ ਸਿਆਸਤ ਤੇਜ਼ ਹੋ ਗਈ ਹੈ। ਮਾਮਲਾ ਹੱਥੋਂ ਨਿਕਲਦਾ ਦੇਖ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਚਾਅ ਦਾ ਰਾਹ ਲੱਭ ਰਹੀ ਹੈ। ਜਾਣਕਾਰੀ ਮੁਤਾਬਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ 'ਚ ਫਸੇ ਪੰਜਾਬ ਦੇ ਲੋਕਾਂ ਨੂੰ ਅੰਮ੍ਰਿਤਸਰ ਤਕ ਭੇਜਣ ਲਈ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵਲੋਂ ਇਕ ਅਪੀਲ ਕੀਤੀ ਗਈ ਸੀ। ਨਾਲ ਹੀ ਦੋ-ਦੋ ਬੱਸਾਂ ਭੇਜਣ ਦਾ ਐਲਾਨ ਕੀਤਾ ਗਿਆ। ਬੱਸ ਭੇਜਣ ਦਾ ਸਮਾਂ 29 ਮਾਰਚ ਨੂੰ ਸਵੇਰੇ 6 ਵਜੇ ਦੱਸਿਆ ਗਿਆ ਸੀ। ਜਿਸ ਤੋਂ ਬਾਅਦ ਦਿੱਲੀ 'ਚ ਫਸੇ ਪੰਜਾਬ ਦੇ ਰਹਿਣ ਵਾਲੇ ਲੋਕ ਵੱਡੀ ਗਿਣਤੀ ਵਿਚ ਗੁਰਦੁਆਰਾ ਮਜਨੂੰ ਕਾ ਟਿੱਲਾ ਪਹੁੰਚ ਗਏ। ਉੱਥੇ ਪਹੁੰਚਣ ਤੋਂ ਬਾਅਦ ਦਿੱਲੀ ਕਮੇਟੀ ਸਟਾਫ ਨੇ ਬਕਾਇਦਾ ਪੰਜਾਬ ਜਾਣ ਦੇ ਇੱਛੁਕ ਲੋਕਾਂ ਦੇ ਨਾਂ ਅਤੇ ਆਧਾਰ ਕਾਰਡ ਨੰਬਰ ਰਜਿਸਟਰਡ ਕੀਤੇ। ਇਸ ਤੋਂ ਬਾਅਦ ਲੱਗਭਗ 400 ਲੋਕਾਂ ਦੀ ਗਿਣਤੀ ਸਾਹਮਣੇ ਆਈ। 

PunjabKesari
ਗੁਰਦੁਆਰੇ ਅੰਦਰ ਜਮਾਂ ਹੋਈ ਲੋਕਾਂ ਦੀ ਵੱਡੀ ਭੀੜ— 
ਜ਼ਿਆਦਾ ਭੀੜ ਨੂੰ ਦੇਖ ਕੇ ਹੜਬੜੀ ਵਿਚ ਕਮੇਟੀ ਨੇ ਦੋ ਬੱਸਾਂ ਜ਼ਰੀਏ ਕੁਝ ਲੋਕਾਂ ਨੂੰ ਰਵਾਨਾ ਕਰ ਦਿੱਤਾ। ਨਾਲ ਹੀ 300 ਤੋਂ ਵਧੇਰੇ ਲੋਕਾਂ ਨੂੰ ਇਹ ਦਿਲਾਸਾ ਦਿੱਤਾ ਗਿਆ ਕਿ ਤੁਸੀਂ ਗੁਰਦੁਆਰੇ ਦੇ ਲੰਗਰ ਹਾਲ 'ਚ ਰੁਕੋ, ਇੱਥੇ ਲੰਗਰ ਦੀ ਪੂਰੀ ਵਿਵਸਥਾ ਹੈ, ਦੂਜੇ ਦਿਨ ਬੱਸਾਂ ਦੀ ਵਿਵਸਥਾ ਕਰ ਕੇ ਭੇਜਿਆ ਜਾਵੇਗਾ ਪਰ 29 ਮਾਰਚ ਨੂੰ ਬੱਸਾਂ ਦੀ ਕੋਈ ਵਿਵਸਥਾ ਨਹੀਂ ਹੋ ਸਕੀ। ਜਿਸ ਤੋਂ ਬਾਅਦ 30 ਮਾਰਚ ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰ ਕੇ ਇਸ ਬਾਬਤ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਵਾਪਸ ਲੈ ਕੇ ਜਾਣ ਲਈ ਬੱਸਾਂ ਦੇਣ ਦੀ ਮੰਗ ਕੀਤੀ। ਇਸ ਦਰਮਿਆਨ ਉਨ੍ਹਾਂ ਨੇ ਗੁਰਦੁਆਰਾ ਅੰਦਰ ਲੋਕਾਂ ਦੀ ਭੀੜ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ। ਇਸ ਦਰਮਿਆਨ 31 ਮਾਰਚ ਨੂੰ ਸਿਰਸਾ ਨੇ ਇਕ ਨਵਾਂ ਟਵੀਟ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਨ੍ਹਾਂ ਲੋਕਾਂ ਦੀ ਮੈਡੀਕਲ ਜਾਂਚ ਦੀ ਮੰਗ ਕੀਤੀ। 

PunjabKesari

ਸਿਰਸਾ ਜ਼ਿੰੰਮੇਵਾਰ, ਸਾਧਨ ਨਹੀਂ ਸੀ ਤਾਂ ਕਿਉਂ ਲੋਕਾਂ ਨੂੰ ਬੁਲਾਇਆ : ਜੀ. ਕੇ.
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਮੇਟੀ ਦੀ ਲਾਪ੍ਰਵਾਹੀ ਕਰਾਰ ਦਿੰਦੇ ਹੋਏ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੇ ਪਹਿਲਾਂ ਇਨ੍ਹਾਂ ਲੋਕਾਂ ਨੂੰ ਖੁਦ ਗੁਰਦੁਆਰਾ ਸਾਹਿਬ ਬੁਲਾਇਆ, 3 ਦਿਨ ਇਕ ਹਾਲ 'ਚ ਇਨ੍ਹਾਂ ਨੂੰ ਇਕੱਠਾ ਰੱਖਿਆ ਅਤੇ ਹੁਣ ਇਨ੍ਹਾਂ ਨੂੰ ਕੋਰੋਨਾ ਸ਼ੱਕੀ ਦੱਸ ਕੇ ਇਨ੍ਹਾਂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜੀ. ਕੇ. ਨੇ ਕਿਹਾ ਕਿ ਜੇਕਰ ਸਿਰਸਾ ਕੋਲ ਲੋਕਾਂ ਨੂੰ ਭੇਜਣ ਦੇ ਸਾਧਨ ਨਹੀਂ ਸਨ, ਤਾਂ ਕਿਉਂ 400 ਲੋਕਾਂ ਨੂੰ ਬੁਲਾ ਕੇ ਇਕੱਠੇ ਕੀਤਾ ਗਿਆ। ਜੀ. ਕੇ. ਨੇ ਦਾਅਵਾ ਕੀਤਾ ਕਿ ਨਿਜ਼ਾਮੂਦੀਨ 'ਚ ਤਬਲੀਗੀ ਜਮਾਤ ਦੇ ਮਰਕਜ਼ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਸਿਰਸਾ ਡਰ ਗਏ ਅਤੇ ਹੁਣ ਜ਼ਿੰਮੇਵਾਰੀ ਤੋਂ ਦੌੜਨ ਦੀ ਕੋਸ਼ਿਸ਼ ਕਰ ਰਹੇ ਹਨ। 


Tanu

Content Editor

Related News