''ਜੈ ਸ਼੍ਰੀਰਾਮ'' ਨਾ ਬੋਲਣ ''ਤੇ ਬਦਮਾਸ਼ਾਂ ਨੇ ਮੁਸਲਿਮ ਸ਼ਖਸ ਦੀ ਕੀਤੀ ਕੁੱਟਮਾਰ, ਟੋਪੀ ਉਤਾਰ ਕੇ ਸੁੱਟੀ

Monday, May 27, 2019 - 12:20 PM (IST)

''ਜੈ ਸ਼੍ਰੀਰਾਮ'' ਨਾ ਬੋਲਣ ''ਤੇ ਬਦਮਾਸ਼ਾਂ ਨੇ ਮੁਸਲਿਮ ਸ਼ਖਸ ਦੀ ਕੀਤੀ ਕੁੱਟਮਾਰ, ਟੋਪੀ ਉਤਾਰ ਕੇ ਸੁੱਟੀ

ਗੁਰੂਗ੍ਰਾਮ— ਹਰਿਆਣਾ ਦੇ ਗੁਰੂਗ੍ਰਾਮ 'ਚ ਮਸਜਿਦ ਤੋਂ ਵਾਪਸ ਪਰਤ ਰਹੇ ਇਕ ਮੁਸਲਿਮ ਸ਼ਖਸ ਦੀ ਕੁਝ ਬਦਮਾਸ਼ਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਪੀੜਤ ਦੀ ਪਛਾਣ ਬਿਹਾਰ ਵਾਸੀ ਮੁਹੰਮਦ ਬਰਕਰ ਆਲਮ ਦੇ ਰੂਪ ਵਿਚ ਹੋਈ ਹੈ, ਜੋ ਕਿ 25 ਸਾਲ ਦਾ ਹੈ। ਉਹ ਗੁਰੂਗ੍ਰਾਮ ਦੇ ਜੋਕਬਪੁਰਾ ਇਲਾਕੇ ਵਿਚ ਰਹਿੰਦਾ ਹੈ। ਐਤਵਾਰ ਨੂੰ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਆਲਮ ਨੇ ਦੋਸ਼ ਲਾਇਆ ਕਿ ਸਦਰ ਬਾਜ਼ਾਰ ਲੇਨ ਵਿਚ ਸ਼ਨੀਵਾਰ ਦੀ ਰਾਤ ਨੂੰ 10 ਵਜੇ ਦੇ ਕਰੀਬ 4 ਅਣਪਛਾਤੇ ਬਦਮਾਸ਼ਾਂ ਨੇ ਉਸ ਟੋਕਿਆ ਅਤੇ ਉਸ ਦਾ ਰਾਹ ਰੋਕਿਆ। ਬਦਮਾਸ਼ਾਂ ਨੇ ਉਸ ਨੂੰ ਕਿਹਾ ਕਿ ਇਲਾਕੇ ਵਿਚ ਟੋਪੀ ਪਹਿਨਣ ਦੀ ਆਗਿਆ ਨਹੀਂ ਹੈ। ਉਨ੍ਹਾਂ ਨੇ ਮੇਰੀ ਟੋਪੀ ਉਤਾਰ ਕੇ ਸੁੱਟ ਦਿੱਤੀ ਅਤੇ ਮੈਨੂੰ ਥੱਪੜ ਮਾਰਿਆ। ਬਸ ਇੰਨਾ ਹੀ ਨਹੀਂ ਮੈਨੂੰ ਭਾਰਤ ਮਾਤਾ ਦੀ ਜੈ ਬੋਲਣ ਨੂੰ ਕਿਹਾ। ਮੈਂ ਉਨ੍ਹਾਂ ਦੀ ਗੱਲ ਮੰਨੀ ਅਤੇ ਭਾਰਤ ਮਾਤਾ ਦੀ ਜੈ ਕਿਹਾ, ਫਿਰ ਉਨ੍ਹਾਂ ਨੇ ਮੈਨੂੰ ਜੈ ਸ਼੍ਰੀਰਾਮ ਬੋਲਣ ਨੂੰ ਕਿਹਾ, ਜਿਸ ਤੋਂ ਮੈਂ ਇਨਕਾਰ ਕਰ ਦਿੱਤਾ। ਇਸ 'ਤੇ ਬਦਮਾਸ਼ਾਂ ਨੇ ਸੜਕ ਕਿਨਾਰੇ ਪਏ ਇਕ ਡੰਡੇ ਨੂੰ ਚੁੱਕਿਆ ਅਤੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮੇਰੇ ਪੈਰਾਂ ਅਤੇ ਪਿੱਠ 'ਤੇ ਡੰਡੇ ਨਾਲ ਕੁੱਟਮਾਰ ਕੀਤੀ।

ਸ਼ਿਕਾਇਤ ਵਿਚ ਆਲਮ ਨੇ ਕਿਹਾ ਕਿ ਘਟਨਾ ਦੇ ਸਮੇਂ ਉਹ ਸਦਰ ਬਾਜ਼ਾਰ ਦੀ ਇਕ ਮਸਜਿਦ ਵਿਚ ਨਮਾਜ਼ ਅਦਾ ਕਰ ਕੇ ਘਰ ਪਰਤ ਰਿਹਾ ਸੀ। ਕੁੱਟਮਾਰ ਦੌਰਾਨ ਜਦੋਂ ਉਹ ਮਦਦ ਲਈ ਚੀਕਿਆ ਤਾਂ ਉਸ ਦੀ ਆਵਾਜ਼ ਸੁਣ ਕੇ ਉਸ ਦੇ ਭਾਈਚਾਰੇ ਦੇ ਹੋਰ ਲੋਕ ਪੁੱਜੇ, ਜਿਸ ਤੋਂ ਬਾਅਦ ਬਦਮਾਸ਼ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਮਦਦ ਲਈ ਆਏ ਲੋਕਾਂ ਨੇ ਮੈਨੂੰ ਇਕ ਨਿਜੀ ਹਸਪਤਾਲ ਵਿਚ ਭਰਤੀ ਕਰਵਾਇਆ। ਆਲਮ ਨੂੰ ਸਵੇਰੇ 3 ਵਜੇ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲੀ। ਪੁਲਸ ਨੇ ਹਸਪਤਾਲ ਵਿਚ ਹੀ ਉਸ ਦੇ ਬਿਆਨ ਦਰਜ ਕੀਤੇ।

ਗੁਰੂਗ੍ਰਾਮ ਸ਼ਹਿਰ ਦੇ ਏ. ਸੀ. ਪੀ. ਰਾਜੀਵ ਕੁਮਾਰ ਨੇ ਦੱਸਿਆ ਕਿ ਸਾਨੂੰ ਇਸ ਘਟਨਾ ਦੀ ਸ਼ਿਕਾਇਤ ਮਿਲੀ ਹੈ। ਸਦਰ ਥਾਣੇ ਵਿਚ ਧਾਰਾ-153, 147, 149, 323 ਅਤੇ 506 ਤਹਿਕ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ। ਪੁਲਸ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਕਰਨ ਲਈ ਸਦਰ ਬਾਜ਼ਾਰ ਵਿਚ ਕਈ ਥਾਂ ਲੱਗੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੇ ਜਾ ਰਹੇ ਹਨ। ਦੋਸ਼ੀਆਂ ਨੂੰ ਫੜਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।


author

Tanu

Content Editor

Related News