ਗੁੱਜਰ, ਬਕਰਵਾਲ ਅਤੇ ਪਹਾੜੀ ਭਾਈਚਾਰਿਆਂ ਨੂੰ ਜੰਮੂ-ਕਸ਼ਮੀਰ ’ਚ ਮਿਲੇਗਾ ਰਾਖਵੇਂਕਰਨ ਦਾ ਲਾਭ : ਸ਼ਾਹ

10/04/2022 7:13:07 PM

ਰਾਜੌਰੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਐਲਾਨ ਕੀਤਾ ਕਿ ਜੰਮੂ-ਕਸ਼ਮੀਰ ਦੇ ਗੁੱਜਰ, ਬਕਰਵਾਲ ਅਤੇ ਪਹਾੜੀ ਭਾਈਚਾਰਿਆਂ ਨੂੰ ਜਸਟਿਸ ਸ਼ਰਮਾ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਰਾਖਵੇਂਕਰਨ ਦਾ ਲਾਭ ਮਿਲੇਗਾ। ਇਸ ਕਮਿਸ਼ਨ ਨੇ ਰਾਖਵੇਂਕਰਨ ਦੇ ਮੁੱਦੇ ’ਤੇ ਵਿਚਾਰ ਕੀਤਾ ਸੀ। ਮੰਗਲਵਾਰ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਗੁੱਜਰਾਂ, ਬਕਰਵਾਲਿਆਂ ਅਤੇ ਪਹਾੜੀ ਭਾਈਚਾਰਿਆਂ ਦੇ ਅਨੁਸੂਚਿਤ ਜਾਤੀ ਰਾਖਵੇਂਕਰਨ 'ਚ ਕੋਈ ਕਮੀ ਨਹੀਂ ਆਵੇਗੀ। ਸਾਰਿਆਂ ਨੂੰ ਉਨ੍ਹਾਂ ਦਾ ਹਿੱਸਾ ਮਿਲੇਗਾ। 2019 'ਚ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਨਾਲ ਜੰਮੂ-ਕਸ਼ਮੀਰ 'ਚ ਸਮਾਜ ਦੇ ਵਾਂਝੇ ਵਰਗਾਂ ਨੂੰ ਰਾਖਵੇਂਕਰਨ ਦਾ ਲਾਭ ਦੇਣ ਦਾ ਰਾਹ ਪੱਧਰਾ ਹੋ ਗਿਆ ਹੈ।

ਸ਼ਾਹ ਨੇ ਕਿਹਾ ਜਸਟਿਸ ਸ਼ਰਮਾ ਕਮਿਸ਼ਨ ਨੇ ਕਈ ਸਿਫਾਰਿਸ਼ਾਂ ਕੀਤੀਆਂ ਹਨ। ਇਨ੍ਹਾਂ 'ਚ ਪਹਾੜੀ, ਬਕਰਵਾਲ ਅਤੇ ਗੁੱਜਰ ਨੂੰ ਐੱਸ. ਟੀ. ਰਿਜ਼ਰਵੇਸ਼ਨ ਦੇ ਲਾਭ ਲਈ ਸ਼ਾਮਲ ਕੀਤਾ ਗਿਆ ਹੈ। ਇਹ ਸਿਫਾਰਿਸ਼ਾਂ ਪ੍ਰਾਪਤ ਹੋਈਆਂ ਹਨ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਤੁਰੰਤ ਬਾਅਦ ਗੁੱਜਰ, ਬਕਰਵਾਲ ਅਤੇ ਪਹਾੜੀ ਭਾਈਚਾਰੇ ਨੂੰ ਰਾਖਵੇਂਕਰਨ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਪਹਾੜੀ ਲੋਕਾਂ ਨੂੰ ਐੱਸ. ਟੀ. ਦਾ ਦਰਜਾ ਦਿਵਾਉਣ ਦੇ ਨਾਂ ’ਤੇ ਕੁਝ ਲੋਕਾਂ ਨੇ ਗੁੱਜਰਾਂ ਅਤੇ ਬੱਕਰਵਾਲਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਵੱਲੋਂ ਉਨ੍ਹਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਗਿਆ। ਜੰਮੂ-ਕਸ਼ਮੀਰ ’ਚ ਵਿਰੋਧੀ ਧਿਰ ’ਤੇ ਹਮਲਾ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਪਹਿਲਾਂ ਸਿਰਫ਼ ਤਿੰਨ ਸਿਆਸੀ ਪਰਿਵਾਰਾਂ ਨੇ ਰਾਜ ਕੀਤਾ ਸੀ ਪਰ ਹੁਣ ਸੱਤਾ 30,000 ਲੋਕਾਂ ਕੋਲ ਹੈ ਜੋ ਨਿਰਪੱਖ ਚੋਣਾਂ ਰਾਹੀਂ ਪੰਚਾਇਤਾਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਲਈ ਚੁਣੇ ਗਏ ਹਨ। ਜੰਮੂ-ਕਸ਼ਮੀਰ ਦਾ ਵਿਕਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਜੀਹ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਕੁਝ ਲੋਕ ਕੇਂਦਰ ਵੱਲੋਂ ਜੰਮੂ-ਕਸ਼ਮੀਰ ਦੇ ਵਿਕਾਸ ਲਈ ਭੇਜੇ ਗਏ ਸਾਰੇ ਪੈਸੇ ਹੜੱਪ ਲੈਂਦੇ ਸਨ ਪਰ ਹੁਣ ਇਕ-ਇਕ ਪੈਸਾ ਲੋਕਾਂ ਦੀ ਭਲਾਈ ’ਤੇ ਖਰਚ ਕੀਤਾ ਜਾਂਦਾ ਹੈ। ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਕਸ਼ਮੀਰ ਨੂੰ ਇਨ੍ਹਾਂ ਤਿੰਨਾਂ ਪਰਿਵਾਰਾਂ ਦੇ ਚੁੰਗਲ ਵਿੱਚੋਂ ਕੱਢ ਕੇ ਜੰਮੂ-ਕਸ਼ਮੀਰ ਦੀ ਬਿਹਤਰੀ ਅਤੇ ਭਲਾਈ ਲਈ ਮੋਦੀ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕਰਦਾ ਹਾਂ। ਉਨ੍ਹਾਂ ਤਿੰਨਾਂ ਪਰਿਵਾਰਾਂ ਦਾ ਨਾਂ ਨਹੀਂ ਦੱਸਿਆ। ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਅੱਤਵਾਦੀਆਂ ਖ਼ਿਲਾਫ਼ ਕੀਤੀ ਗਈ ਸਖਤ ਕਾਰਵਾਈ ਕਾਰਨ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਈ ਹੈ। ਇਸ ਦੇ ਨਤੀਜੇ ਵਜੋਂ ਇਸ ਸਾਲ ਆਪਣੀਆਂ ਜਾਨਾਂ ਗੁਆਉਣ ਵਾਲੇ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਪ੍ਰਤੀ ਸਾਲ 1,200 ਤੋਂ ਘੱਟ ਕੇ 136 ਰਹਿ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News