ਫੋਰਬਸ ਮੈਗਜ਼ੀਨ ਦੀ ਸੂਚੀ 'ਚ 5 ਸਭ ਤੋਂ ਅਮੀਰ ਭਾਰਤੀਆਂ ਵਿਚੋਂ 4 ਗੁਜਰਾਤੀ

10/12/2019 12:08:36 PM

ਨਵੀਂ ਦਿੱਲੀ — ਫੋਰਬਸ ਮੈਗਜ਼ੀਨ ਦੀ ਸਭ ਤੋਂ ਅਮੀਰ ਭਾਰਤੀਆਂ ਦੀ ਸੂਚੀ 'ਚ ਮੁਕੇਸ਼ ਅੰਬਾਨੀ ਲਗਾਤਾਰ 12ਵੇਂ ਸਾਲ ਪਹਿਲੇ ਸਥਾਨ 'ਤੇ ਬਰਕਰਾਰ ਹਨ। ਇਸ ਦੇ ਨਾਲ ਹੀ ਗੌਤਮ ਅਡਾਣੀ ਅੱਠ ਸਥਾਨ ਦੀ ਛਲਾਂਗ ਲਗਾ ਕੇ ਇਸ ਸਾਲ ਦੇਸ਼ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਖਾਸ ਗੱਲ ਇਹ ਹੈ ਕਿ ਸੂਚੀ 'ਚ ਸ਼ਾਮਲ ਪੰਜ ਸਭ ਤੋਂ ਅਮੀਰ ਭਾਰਤੀਆਂ ਵਿਚੋਂ ਚਾਰ ਗੁਜਰਾਤੀ ਹਨ। ਰਿਲਾਇੰਸ ਇੰਡਸਟਰੀਜ਼ ਲਿਮਟਿਡ(RIL) ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ 51.4 ਅਰਬ ਡਾਲਰ(3.5 ਲੱਖ ਕਰੋੜ ਰੁਪਏ) ਹੈ, ਇਸ ਦੇ ਨਾਲ ਹੀ ਗੌਤਮ ਅਡਾਣੀ ਦੀ ਕੁੱਲ ਜਾਇਦਾਦ 15.7 ਅਰਬ ਡਾਲਰ (1.10 ਲੱਖ ਕਰੋੜ ਰੁਪਏ) ਹੈ।

ਚਾਰੋਂ ਗੁਜਰਾਤੀਆਂ ਦੀ ਕੁੱਲ ਜਾਇਦਾਦ 7 ਲੱਖ ਕਰੋੜ

100 ਸਭ ਤੋਂ ਅਮੀਰ ਭਾਰਤੀਆਂ ਦੀ ਸੂਚੀ 'ਚ ਸਿਖਰ ਤੇ ਪਹੁੰਚੇ ਚਾਰ ਗੁਜਰਾਤੀਆਂ ਦੀ ਕੁੱਲ ਜਾਇਦਾਦ 96.9 ਅਰਬ ਡਾਲਰ(7 ਲੱਖ ਕਰੋੜ ਰੁਪਏ) ਹੈ। ਮੁਕੇਸ਼ ਅੰਬਾਨੀ ਦੇ ਪਿਤਾ ਗੁਜਰਾਤ ਦੇ ਚੋਰਵਾਡ ਦੇ ਰਹਿਣ ਵਾਲੇ ਸਨ ਜਿਨ੍ਹਾਂ ਨੇ ਰਿਫਾਇਨਰੀ ਤੋਂ ਲੈ ਕੇ ਟੈਲੀਕਾਮ ਦਾ ਵਪਾਰ ਕੀਤਾ। ਮੁਕੇਸ਼ ਅੰਬਾਨੀ ਨੇ ਜੀਓ ਦੇ ਜ਼ਰੀਏ ਟੈਲੀਕਾਮ ਕਾਰੋਬਾਰ ਖੇਤਰ 'ਚ ਕਦਮ ਰੱਖਣ ਦੇ ਬਾਅਦ ਆਪਣੀ ਜਾਇਦਾਦ 'ਚ 28,000 ਕਰੋੜ ਰੁਪਏ ਦਾ ਵਾਧਾ ਕੀਤਾ ਹੈ। ਜੀਓ ਦੇ ਮੌਜੂਦਾ ਸਮੇਂ 'ਚ 34 ਕਰੋੜ ਗਾਹਕ ਹਨ।

ਕਾਰੋਬਾਰ ਅਤੇ ਉਨ੍ਹਾਂ ਦੀ ਜਾਇਦਾਦ ਦਾ ਬਿਓਰਾ

ਕਾਰੋਬਾਰੀ ਦਾ ਨਾਮ    ਫੋਰਬਸ ਸੂਚੀ 'ਚ ਸਥਾਨ             ਕੁੱਲ ਜਾਇਦਾਦ

ਮੁਕੇਸ਼ ਅੰਬਾਨੀ                     1                           3.5 ਲੱਖ ਕਰੋੜ ਰੁਪਏ
ਗੌਤਮ ਅਡਾਣੀ                     2                           1.10 ਲੱਖ ਕਰੋੜ ਰੁਪਏ
ਪਾਲੋਨਜੀ ਮਿਸਤਰੀ              4                           1.05 ਲੱਖ ਕਰੋੜ ਰੁਪਏ
ਉਦੈ ਕੋਟਕ                         5                           1.02 ਲੱਖ ਕਰੋੜ ਰੁਪਏ

ਏਅਰਪੋਰਟ, ਡਾਟਾ ਸੈਂਟਰਸ ਜ਼ਰੀਏ ਅਡਾਣੀ ਦੀ ਵਧੀ ਧਾਕ

ਅਹਿਮਦਾਬਾਦ ਤੋਂ ਆਪਣਾ ਕਾਰੋਬਾਰ ਚਲਾਉਣ ਵਾਲੇ ਗੌਤਮ ਅਡਾਣੀ ਨੇ ਇਸ ਸਾਲ ਸੂਚੀ 'ਚ 8 ਸਥਾਨ ਦੀ ਛਲਾਂਗ ਲਗਾਈ ਹੈ। ਉਨ੍ਹਾਂ ਦੀ ਜਾਇਦਾਦ 'ਚ ਇਹ ਵਾਧਾ ਏਅਰਪੋਰਟ ਅਤੇ ਡਾਟਾ ਸੈਂਟਰਸ ਵਰਗੇ ਨਵੇਂ ਖੇਤਰ 'ਚ ਕਦਮ ਰੱਖਣ ਦੇ ਬਾਅਦ ਹੋਇਆ ਹੈ।

ਟਾਟਾ ਸੰਨਜ਼ ਤੋਂ ਪੈਸਾ ਬਣਾ ਰਹੇ ਪਾਲੋਨਜੀ ਮਿਸਤਰੀ

ਗੁਜਰਾਤ ਦੇ ਹੀ ਨਿਵਾਸੀ ਸ਼ਾਪੂਰਜੀ ਗਰੁੱਪ ਦੇ ਪਾਲੋਨਜੀ ਮਿਸਤਰੀ 15 ਅਰਬ ਡਾਲਰ(1.05 ਲੱਖ ਕਰੋੜ ਰੁਪਏ) ਦੀ ਕੁੱਲ ਜਾਇਦਾਦ ਦੇ ਨਾਲ ਸੂਚੀ 'ਚ ਚੌਥੇ ਸਥਾਨ 'ਤੇ ਹਨ। ਮਿਸਤਰੀ ਭਾਵੇਂ 2003 'ਚ ਆਇਰਲੈਂਡ ਦੇ ਵਸਨੀਕ ਹੋ ਗਏ, ਪਰ ਉਨ੍ਹਾਂ ਦੀਆਂ ਜੜ੍ਹਾਂ ਗੁਜਰਾਤ ਨਾਲ ਹੀ ਜੁੜੀਆਂ ਹਨ। ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਆਮਦਨੀ ਟਾਟਾ ਸੰਨਜ਼ 'ਚ ਹਿੱਸੇਦਾਰੀ ਤੋਂ ਹੀ ਹੁੰਦੀ ਹੈ, ਜੋ ਟਾਟਾ ਗਰੁੱਪ ਦੇ ਉਦਯੋਗ ਦਾ ਸੰਚਾਲਨ ਕਰਦਾ ਹੈ।

ਕਪਾਹ ਤੋਂ ਲੈ ਕੇ ਬੈਂਕਿੰਗ ਤੱਕ ਦਾ ਸਫਰ

ਗੁਜਰਾਤ ਦੇ ਲੋਹਾਨਾ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਅਤੇ ਮਹਿੰਦਰਾ ਬੈਂਕ ਦੇ ਉਦੈ ਕੋਟਕ ਸੂਚੀ 'ਚ ਪੰਜਵੇਂ ਸਥਾਨ 'ਤੇ ਹਨ, ਇਨ੍ਹਾਂ ਦੀ ਕੁੱਲ ਜਾਇਦਾਦ 14.8 ਅਰਬ ਡਾਲਰ(1.02 ਲੱਖ ਕਰੋੜ ਰੁਪਏ) ਦੀ ਹੈ। ਕਪਾਹ ਦਾ ਕਾਰੋਬਾਰ ਕਰਨ ਵਾਲੇ ਗੁਜਰਾਤੀ ਉਦੈ ਕੋਟਕ ਨੇ 1980 'ਚ ਇਕ ਵਿੱਤੀ ਫਰਮ ਦੀ ਸ਼ੁਰੂਆਤ ਕੀਤੀ , ਜਿਸ ਨੂੰ ਮੌਜੂਦਾ ਸਮੇਂ 'ਚ ਕੋਟਕ ਮਹਿੰਦਰਾ ਬੈਂਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇਹ ਹਨ ਦੇਸ਼ ਦੇ 10 ਟਾਪ ਅਮੀਰ

ਮੁਕੇਸ਼ ਅੰਬਾਨੀ:  5140 ਕਰੋੜ ਡਾਲਰ (ਲਗਭਗ 3.50 ਲੱਖ ਕਰੋੜ ਰੁਪਏ)

ਗੌਤਮ ਅਡਾਨੀ: 1570 ਕਰੋੜ ਡਾਲਰ (ਲਗਭਗ 1.11 ਲੱਖ ਕਰੋੜ ਰੁਪਏ)

ਹਿੰਦੂਜਾ ਬ੍ਰਦਰਜ਼: 1560 ਕਰੋੜ ਡਾਲਰ (ਲਗਭਗ 1.10 ਲੱਖ ਕਰੋੜ ਰੁਪਏ)

ਪੀ ਮਿਸਤਰੀ: 1500 ਕਰੋੜ ਡਾਲਰ (ਲਗਭਗ 1.05 ਲੱਖ ਕਰੋੜ ਰੁਪਏ)

ਉਦੈ ਕੋਟਕ: 1480 ਕਰੋੜ ਡਾਲਰ (ਲਗਭਗ 1.05 ਲੱਖ ਕਰੋੜ ਰੁਪਏ)

ਸ਼ਿਵ ਨਾਦਰ: 1440 ਕਰੋੜ ਡਾਲਰ (ਲਗਭਗ 1.02 ਲੱਖ ਕਰੋੜ ਰੁਪਏ)

ਰਾਧਾਕ੍ਰਿਸ਼ਨਨ ਦਮਾਨੀ: 1430 ਕਰੋੜ ਡਾਲਰ (ਲਗਭਗ 1.01 ਲੱਖ ਕਰੋੜ ਰੁਪਏ)

ਗੋਦਰੇਜ ਪਰਿਵਾਰ: 1200 ਕਰੋੜ ਡਾਲਰ (ਲਗਭਗ 85,200 ਕਰੋੜ ਰੁਪਏ)

ਲਕਸ਼ਮੀ ਮਿੱਤਲ: 1050 ਕਰੋੜ ਡਾਲਰ (ਲਗਭਗ 74,550 ਕਰੋੜ ਰੁਪਏ)

ਕੁਮਾਰ ਮੰਗਲਮ ਬਿਰਲਾ: 960 ਕਰੋੜ ਡਾਲਰ (ਲਗਭਗ 68,160 ਕਰੋੜ ਰੁਪਏ)

ਇਸ ਸਾਲ ਦੀ ਸੂਚੀ 'ਚ 6 ਨਵੇਂ ਉਦਯੋਗਪਤੀਆਂ ਨੇ ਆਪਣੀ ਥਾਂ ਬਣਾਈ ਹੈ। ਇਨ੍ਹਾਂ 'ਚ ਸਿੰਘ ਪਰਿਵਾਰ 41ਵੇਂ ਨੰਬਰ 'ਤੇ ਹੈ ਜਿਨ੍ਹਾਂ ਦੀ ਜਾਇਦਾਦ 3.18 ਕਰੋੜ ਡਾਲਰ ਹੈ। 72ਵੇਂ ਨੰਬਰ 'ਤੇ ਬਾਇਜੂ ਰਵਿੰਦਰਨ 1.91 ਬਿਲੀਅਨ ਡਾਲਰ ਦੇ ਨਾਲ ਮੌਜੂਦ ਹਨ। ਇਸ ਤੋਂ ਬਾਅਦ ਮਹਿੰਦਰ ਪ੍ਰਸਾਦ 1.77 ਕਰੋੜ ਡਾਲਰ ਦੀ ਜਾਇਦਾਦ ਦੇ ਨਾਲ 81ਵੇਂ ਨੰਬਰ 'ਤੇ ਹਨ ਜਦੋਂਕਿ ਹਲਦੀ ਰਾਮ ਸਨੈਕਸ ਨੇ ਮਨੋਹਰ ਲਾਲ ਅਤੇ ਮਧੁਸੂਦਨ ਅਗਰਵਾਲ 86ਵੇਂ ਸਥਾਨ 'ਤੇ 1.7 ਕਰੋੜ ਡਾਲਰ ਦੀ ਜਾਇਦਾਦ ਨਾਲ ਮੌਜੂਦ ਹਨ। ਰਾਜੇਸ਼ ਮਹਿਰਾ ਅਤੇ ਸੰਦੀਪ ਇੰਜੀਨੀਅਰ ਕ੍ਰਮਵਾਰ : 1.5 ਕਰੋੜ ਡਾਲਰ ਨਾਲ 95ਵੇਂ ਨੰਬਰ ਅਤੇ 1.45 ਕਰੋੜ ਡਾਲਰ ਨਾਲ 98ਵੇਂ ਨੰਬਰ 'ਤੇ ਹਨ।


Related News