ਗੁਜਰਾਤ ਸਰਕਾਰ ਨੇ ''ਡ੍ਰੈਗਨ ਫਰੂਟ'' ਦਾ ਨਾਂ ਬਦਲ ਕੇ ਰੱਖਿਆ ''ਕਮਲਮ''

01/21/2021 11:22:02 AM

ਗਾਂਧੀਨਗਰ (ਭਾਸ਼ਾ)- ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ 'ਡ੍ਰੈਗਨ ਫਰੂਟ' ਦਾ ਨਾਂ ਬਦਲ ਕੇ ‘ਕਮਲਮ’ ਰੱਖਣ ਦਾ ਫੈਸਲਾ ਕੀਤਾ ਹੈ। ਸੂਬੇ ਦੇ ਕਛ, ਨਵਸਾਰੀ ਅਤੇ ਸੌਰਾਸ਼ਟਰ ਦੇ ਵੱਖ-ਵੱਖ ਹਿੱਸਿਆਂ 'ਚ ਇਸ ਦੀ ਪੈਦਾਵਾਰ ਹੁੰਦੀ ਹੈ। ਰੂਪਾਨੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਡ੍ਰੈਗਨ ਫਰੂਟ ਦਾ ਨਾਂ ਕਮਲਮ ਕਰਨ ਲਈ ਪੇਟੈਂਟ ਸਬੰਧੀ ਅਰਜ਼ੀ ਦਿੱਤੀ ਹੈ। ਡ੍ਰੈਗਨ ਫਰੂਟ ਦਾ ਨਾਂ ਠੀਕ ਨਹੀਂ ਹੈ। ਇਸ ਦੇ ਨਾਂ ਤੋਂ ਇੰਝ ਲਗਦਾ ਹੈ ਜਿਵੇਂ ਇਹ ਚੀਨ ਦਾ ਕੋਈ ਫਲ ਹੈ। ਇਸੇ ਲਈ ਅਸੀਂ ਇਸ ਦਾ ਨਾਂ ਕਮਲਮ ਰੱਖਣ ਦਾ ਫੈਸਲਾ ਕੀਤਾ ਹੈ। ਇਹ ਪੁੱਛੇ ਜਾਣ ’ਤੇ ਕਿ ਇਸ ਦਾ ਨਾਂ ਕਮਲਮ ਕਿਉਂ ਰੱਖਿਆ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਕਹਿੰਦੇ ਹਨ ਕਿ ਹਨ ਕਮਲ ਦੇ ਫੁੱਲ ਵਾਂਗ ਨਜ਼ਰ ਆਉਂਦਾ ਹੈ। ਇਸੇ ਕਾਰਨ ਅਸੀਂ ਇਸ ਦਾ ਨਾਂ ਕਮਲਮ ਰੱਖਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਾਂ ਨੂੰ ਬਦਲਣ ਪਿੱਛੇ ਕੋਈ ਸਿਆਸੀ ਸੋਚ ਨਹੀਂ ਹੈ। 

ਦੱਸਣਯੋਗ ਹੈ ਕਿ ਕਮਲ ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ਹੈ ਅਤੇ ਪਾਰਟੀ ਦੀ ਗੁਜਰਾਤ ਇਕਾਈ ਦੇ ਹੈੱਡਕੁਆਰਟਰ ਦਾ ਨਾਂ ਵੀ ‘ਸ਼੍ਰੀ ਕਮਲਮ’ ਹੈ। ਰੂਪਾਨੀ ਨੇ ਕਿਹਾ ਕਿ ਫ਼ਲ ਦਾ ਨਾਂ ਬਦਲਣ ਦੇ ਪਿੱਛੇ ਕੋਈ ਸਿਆਸੀ ਸੋਚ ਨਹੀਂ ਹੈ। ਨਾਂ ਬਦਲਣ ਦੀ ਜ਼ਰੂਰਤ ਬਾਰੇ ਪੁੱਛੇ ਗਏ ਸਵਾਲ 'ਤੇ ਰੂਪਾਨੀ ਨੇ ਕਿਹਾ ਕਿ ਸੂਬੇ ਦੇ ਬੰਜਰ ਖੇਤਰਾਂ 'ਚ ਇਸ ਫ਼ਲ ਦੀ ਪੈਦਾਵਾਰ ਹੁੰਦੀ ਹੈ ਅਤੇ ਇਹ ਫ਼ਲ ਸਰੀਰ 'ਚ ਖ਼ੂਨ ਵਧਾਉਣ 'ਚ ਸਹਾਇਕ ਹੁੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਬਜ਼ਾਰ 'ਚ ਉਪਲੱਬਧ ਇਹ ਸਭ ਤੋਂ ਮਹਿੰਗਾ ਫ਼ਲ ਹੈ। 

ਹੁਣ ਫਲਾਂ ਰਾਹੀਂ ਆਪਣੀ ਬ੍ਰਾਂਡਿੰਗ ਕਰ ਰਹੀ ਹੈ ਭਾਜਪਾ
ਉੱਥੇ ਹੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਮਹੇਸ਼ ਤਾਪਸੇ ਨੇ ਕਿਹਾ ਕਿ ਭਾਜਪਾ ਹੁਣ ਫਲਾਂ ਰਾਹੀਂ ਆਪਣੀ ਬ੍ਰਾਂਡਿੰਗ ਕਰਨ ਦਾ ਯਤਨ ਕਰ ਰਹੀ ਹੈ। ਸਾਨੂੰ ਲਗਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਉਹ ਹਿੰਦੋਸਤਾਨ ਨੂੰ ‘ਕਮਲਸਤਾਨ’ ਬੋਲਣਾ ਸ਼ੁਰੂ ਕਰ ਦੇਣਗੇ।


DIsha

Content Editor

Related News