ਭਾਜਪਾ ਦੀਆਂ 6 ਨਗਰ ਨਿਗਮਾਂ ’ਚ ਸ਼ਾਨਦਾਰ ਜਿੱਤ, ‘ਆਪ’ ਨੇ ਸੂਰਤ ’ਚ 27 ਸੀਟਾਂ ਜਿੱਤ ਕੇ ਕੀਤਾ ਹੈਰਾਨ

02/24/2021 1:42:29 PM

ਗਾਂਧੀਨਗਰ– ਗੁਜਰਾਤ ਦੀਆਂ ਕੁੱਲ 8 ਵਿਚੋਂ 6 ਨਗਰ ਨਿਗਮਾਂ ਅਹਿਮਦਾਬਾਦ, ਸੂਰਤ, ਰਾਜਕੋਟ, ਵਡੋਦਰਾ, ਜਾਮਨਗਰ ਅਤੇ ਭਾਵਨਗਰ ਦੀਆਂ 21 ਫਰਵਰੀ ਨੂੰ ਹੋਈਆਂ ਚੋਣਾਂ ਵਿਚ ਵੋਟਾਂ ਦੀ ਗਿਣਤੀ ਦੌਰਾਨ ਮੰਗਲਵਾਰ ਨੂੰ ਇਕ ਵਾਰ ਸੱਤਾਧਾਰੀ ਭਾਜਪਾ ਨੇ ਇਨ੍ਹਾਂ ਸਾਰੀਆਂ ਸੀਟਾਂ ’ਤੇ ਵੱਡੀ ਜਿੱਤ ਹਾਸਲ ਕਰ ਲਈ ਹੈ। ਸਾਲ 2015 ਦੀਆਂ ਪਿਛਲੀਆਂ ਚੋਣਾਂ ਦੀ ਤੁਲਨਾ ਵਿਚ ਇਸ ਵਾਰ ਕੁੱਲ ਮਿਲਾ ਕੇ 120 ਤੋਂ ਵੱਧ ਸੀਟਾਂ ਗੁਆਉਣ ਵਾਲੀ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ‘ਆਪ’ ਨੇ ਇਨ੍ਹਾਂ ਚੋਣਾਂ ਵਿਚ ਆਪਣੀ ਜਿੱਤ ਦਾ ਖਾਤਾ ਖੋਲ੍ਹ ਲਿਆ ਹੈ। ‘ਆਪ’ ਨੇ ਸੂਰਤ ਵਿਚ 27 ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 30 ਵਾਰਡ ਅਤੇ 120 ਸੀਟਾਂ ਵਾਲੀ ਸੂਰਤ ਨਗਰ ਨਿਗਮ ਵਿਚ ਕਾਂਗਰਸ ਦਾ ਤਾਂ ਖਾਤਾ ਹੀ ਨਹੀਂ ਖੁੱਲ੍ਹਿਆ ਸਕਿਆ। ਉਥੇ ਭਾਜਪਾ ਨੇ 93 ਸੀਟਾਂ ਜਿੱਤੀਆਂ ਹਨ। ਸੂਰਤ ਵਿਚ ਪਿਛਲੀਆਂ ਚੋਣਾਂ ਵਿਚ ਭਾਜਪਾ ਨੇ 76 ਜਦਕਿ ਕਾਂਗਰਸ ਨੇ 36 ਸੀਟਾਂ ਜਿੱਤੀਆਂ ਸਨ। ਇਸ ਤੋਂ ਪਹਿਲਾਂ ਵੀ ਇਨ੍ਹਾਂ ਸਾਰੀਆਂ 6 ਨਗਰ ਨਿਗਮਾਂ ’ਤੇ ਭਾਜਪਾ ਦਾ ਹੀ ਕਬਜ਼ਾ ਸੀ। ਭਾਜਪਾ ਨੂੰ ਇਸ ਵਾਰ ਪਿਛਲੀ ਵਾਰ ਦੀ ਤੁਲਨਾ ਵਿਚ 100 ਤੋਂ ਵਧ ਸੀਟਾਂ ਦਾ ਫਾਇਦਾ ਹੋਇਆ ਹੈ।

ਓਧਰ ਮਾਇਆਵਾਦੀ ਦੀ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਜਾਮਨਗਰ ਵਿਚ 3 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਅਸਦੂਦੀਨ ਓਵੈਸੀ ਦੀ ਪਾਰਟੀ ਏ. ਆਈ. ਐੱਮ. ਆਈ. ਐੱਮ. ਨੇ ਵੀ ਅਹਿਮਦਾਬਾਦ ਵਿਚ 3 ਮੁਸਲਿਮ ਬਹੁ-ਗਿਣਤੀ ਵਾਰਡ ਅਤੇ 7 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ।

ਅਤਿ ਵਿਸ਼ੇਸ਼ ਜਿੱਤ : ਮੋਦੀ
ਗੁਜਰਾਤ ਵਿਚ 6 ਨਗਰ ਨਿਗਮਾਂ ਵਿਚ ਭਾਜਪਾ ਦੇ ਸੱਤਾ ਬਣਾਈ ਰੱਖਣ ’ਤੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਜਿੱਤ ਨੂੰ ਅਤਿ ਵਿਸ਼ੇਸ਼ ਕਰਾਰ ਦਿੱਤਾ ਅਤੇ ਕਿਹਾ ਕਿ 2 ਦਹਾਕਿਆਂ ਤੋਂ ਵਧ ਸਮੇਂ ਤੋਂ ਸੇਵਾ ਕਰਨ ਵਾਲੀ ਪਾਰਟੀ ਲਈ ਅਜਿਹੀ ਜਿੱਤ ਹਾਸਲ ਕਰਨਾ ਜ਼ਿਕਰਯੋਗ ਹੈ।


Tanu

Content Editor

Related News