ਗੁਜਰਾਤ : ਆਦਿਵਾਸੀ ਪਿੰਡ ਦੇ ਬੱਚਿਆਂ ਲਈ ਸਕੂਲ ਪਹੁੰਚਣਾ ਹੋ ਗਿਆ ਮੁਸ਼ਕਲ ਕੰਮ

07/11/2019 6:26:29 PM

ਗੁਜਰਾਤ (ਭਾਸ਼ਾ)— ਹਰ ਸਵੇਰੇ ਸਕੂਲ ਜਾਣਾ ਗੁਜਰਾਤ ਦੇ ਛੋਟਾ ਉਦੈਪੁਰ ਜ਼ਿਲੇ ਦੇ ਇਕ ਛੋਟੇ ਜਿਹੇ ਪਿੰਡ ਦੇ ਬੱਚਿਆਂ ਲਈ ਮੁਸ਼ਕਲ ਕੰਮ ਬਣ ਗਿਆ ਹੈ, ਕਿਉਂਕਿ ਉਨ੍ਹਾਂ ਕੋਲ ਨਦੀ ਪਾਰ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਰਹਿ ਗਿਆ। ਇੱਥੇ ਭਾਰੀ ਬਾਰਿਸ਼ ਤੋਂ ਬਾਅਦ ਹੜ੍ਹ ਆ ਗਿਆ ਹੈ। ਇਨ੍ਹਾਂ ਬੱਚਿਆਂ 'ਚ ਜ਼ਿਆਦਾਤਰ 5 ਤੋਂ 10 ਸਾਲ ਦੀ ਉਮਰ ਦੇ ਆਦਿਵਾਸੀ ਹਨ, ਜਿਨ੍ਹਾਂ ਨੂੰ ਬੋਕਾਡੀਆ ਪਿੰਡ ਤੋਂ ਲੰਘਣ ਵਾਲੀ ਤੇਜ਼ੀ ਨਾਲ ਵਹਿਦੀ ਓਰਸਾਂਗ ਨਦੀ ਨੂੰ ਪਾਰ ਕਰਨਾ ਪੈਂਦਾ ਹੈ। ਪਿੰਡ ਦੇ ਸਰਪੰਚ ਨਰਸਿੰਘ ਰਾਠਵਾ ਨੇ ਦੱਸਿਆ ਕਿ ਬੱਚਿਆਂ ਨੂੰ ਨਦੀ ਪਾਰ ਕਰ ਕੇ ਦੂਜੇ ਪਾਸੇ ਲੱਗਭਗ 1 ਕਿਲੋਮੀਟਰ ਦੂਰ ਸਥਿਤ ਸਕੂਲ ਪਹੁੰਚਣ 'ਚ 20 ਮਿੰਟ ਦਾ ਸਮਾਂ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਇਹ ਬੱਚੇ ਪਾਣੀ 'ਚ ਡਿੱਗਣ ਤੋਂ ਬਚਣ ਲਈ ਮਨੁੱਖੀ ਲੜੀ ਬਣਾ ਕੇ ਨਦੀ ਨੂੰ ਪਾਰ ਕਰਦੇ ਹਨ। ਉਨ੍ਹਾਂ 'ਚੋਂ ਕਾਫੀ ਛੋਟੇ ਬੱਚੇ ਆਪਣੇ ਮਾਤਾ-ਪਿਤਾ ਦੇ ਮੋਢਿਆਂ 'ਤੇ ਬੈਠ ਕੇ ਸਕੂਲ ਤਕ ਪਹੁੰਚਦੇ ਹਨ।

ਰਾਠਵਾ ਨੇ ਕਿਹਾ ਕਿ ਜ਼ਿਲਾ ਅਧਿਕਾਰੀਆਂ ਅਤੇ ਸੂਬਾ ਸਰਕਾਰ ਨੇ ਪਹਿਲਾਂ ਪਿੰਡ ਵਿਚ ਨਦੀ 'ਤੇ ਇਕ ਪੁਲ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਕੁਝ ਵੀ ਨਹੀਂ ਕੀਤਾ ਗਿਆ। ਪਿੰਡ 'ਚ ਲੱਗਭਗ 800 ਦੀ ਆਬਾਦੀ ਹੈ। ਓਧਰ ਸਕੂਲ ਦੇ ਪ੍ਰਿੰਸੀਪਲ ਭਾਵੇਸ਼ ਮਕਵਾਨਾ ਨੇ ਕਿਹਾ ਕਿ ਹਰ ਦਿਨ ਪਾਣੀ 'ਚੋਂ ਲੰਘ ਕੇ ਸਕੂਲ ਪਹੁੰਚਣਾ ਬੱਚਿਆਂ ਲਈ ਕਾਫੀ ਮੁਸ਼ਕਲ ਹੋ ਰਿਹਾ ਹੈ। ਸਰਪੰਚ ਨੇ ਕਿਹਾ ਕਿ ਸਕੂਲ ਪਹੁੰਚਣ ਲਈ ਨਦੀ ਪਾਰ ਕਰਨਾ ਬੱਚਿਆਂ ਲਈ ਬਹੁਤ ਮੁਸ਼ਕਲ ਕੰਮ ਹੋ ਗਿਆ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਨਾਰਣਸਿੰਘ ਰਾਠਵਾ ਨੇ ਕਿਹਾ ਕਿ ਉਨ੍ਹਾਂ ਨੇ ਗੁਜਰਾਤ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਓਰਸਾਂਗ ਨਦੀ 'ਤੇ ਇਕ ਪੁਲ ਦਾ ਛੇਤੀ ਨਿਰਮਾਣ ਕਰੇ, ਤਾਂ ਕਿ ਬੱਚੇ ਆਪਣੀ ਸੁਰੱਖਿਆ ਦੀ ਚਿੰਤਾ ਕੀਤੇ ਬਿਨਾਂ ਸਕੂਲ ਪਹੁੰਚ ਸਕਣ। ਉਹ ਛੋਟਾ ਉਦੈਪੁਰ ਦੇ ਵਾਸੀ ਹਨ।


Tanu

Content Editor

Related News