ਆਰਥਿਕ ਸੰਕਟ ਕਾਰਨ ਵਪਾਰੀ ਨੇ ਪੂਰੇ ਪਰਿਵਾਰ ਸਮੇਤ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ
Friday, Sep 04, 2020 - 01:09 PM (IST)
ਦਾਹੋਦ- ਗੁਜਰਾਤ ਦੇ ਦਾਹੋਦ ਜ਼ਿਲ੍ਹੇ 'ਚ ਇਕ ਵਪਾਰੀ ਨੇ ਕਥਿਤ ਤੌਰ 'ਤੇ ਆਰਥਿਕ ਮੁਸ਼ਕਲਾਂ ਕਾਰਨ ਆਪਣੀ ਪਤਨੀ ਅਤੇ 3 ਬੱਚਿਆਂ ਨਾਲ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰ ਲਈ। ਦਾਹੋਦ ਸ਼ਹਿਰ ਦੇ ਸੁਜਾਈਬਾਗ਼ ਇਲਾਕੇ ਦੇ ਵਾਸੀ ਸੈਫ਼ੀ ਬਰਜਰਵਾਲਾ (42), ਉਨ੍ਹਾਂ ਦੀ 35 ਸਾਲਾ ਪਤਨੀ ਅਤੇ 16 ਸਾਲ ਦੇ 2 ਜੁੜਵਾ ਧੀਆਂ ਆਰਵਾ, ਜੈਨਬ ਅਤੇ 7 ਸਾਲ ਦੀ ਧੀ ਹੁਸੈਨਾ ਦੀ ਲਾਸ਼ ਉਨ੍ਹਾਂ ਦੇ ਘਰ 'ਚ ਬਰਾਮਦ ਕੀਤੀਆਂ ਗਈਆਂ। ਦਾਹੋਦ ਸ਼ਹਿਰ ਪੁਲਸ ਸਟੇਸ਼ਨ ਦੇ ਇੰਚਾਰਜ ਪੁਲਸ ਇੰਸਪੈਕਟਰ ਐੱਚ.ਪੀ. ਕਰਨ ਨੇ ਦੱਸਿਆ ਕਿ ਇਸ ਦਾ ਕਾਰਨ ਆਰਥਿਕ ਸੰਕਟ ਹੋ ਸਕਦਾ ਹੈ।
ਮਾਮਲੇ ਦੀ ਜਾਂਚ ਲਈ ਐੱਫ.ਐੱਸ.ਐੱਲ. ਦੀ ਟੀਮ ਵੀ ਬੁਲਾਈ ਗਈ ਹੈ। ਸਮਝਿਆ ਜਾਂਦਾ ਹੈ ਕਿ ਮੂਲ ਰੂਪ ਨਾਲ ਮੱਧ ਪ੍ਰਦੇਸ਼ ਦੇ ਅਲਿਰਾਜਪੁਰ ਜ਼ਿਲ੍ਹੇ ਦੇ ਵਾਸੀ ਸ਼੍ਰੀ ਬਰਜਰਵਾਲਾ ਕਿ ਡਿਸਪੋਜ਼ਬਲ ਗਿਲਾਸ ਅਤੇ ਅਜਿਹੇ ਹੋਰ ਸਮਾਨ ਬਣਾਉਣ ਦੀ ਫੈਕਟਰੀ ਠੀਕ ਨਾਲ ਨਹੀਂ ਚੱਲ ਰਹੀ ਸੀ। ਉਹ 10 ਸਾਲਾਂ ਤੋਂ ਦਾਹੋਦ 'ਚ ਰਹਿ ਰਹੇ ਸਨ। ਉਨ੍ਹਾਂ ਨੇ ਵੀਰਵਾਰ ਦੇਰ ਰਾਤ ਪਹਿਲੇ ਬੱਚਿਆਂ ਅਤੇ ਪਤਨੀ ਨੂੰ ਜ਼ਹਿਰ ਪਿਲਾਉਣ ਤੋਂ ਬਾਅਦ ਖ਼ੁਦ ਵੀ ਪੀ ਲਿਆ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।