ਗੁਜਰਾਤ ਚੋਣਾਂ: ਇਸ ਮਹਿਲਾ ਨੂੰ ਕਾਂਗਰਸ ਦੇ ਸਕਦੀ ਹੈ ਟਿਕਟ, ਕਦੀ ਮੋਦੀ ''ਤੇ ਸੁੱਟੀਆਂ ਸਨ ਚੂੜੀਆਂ
Thursday, Nov 23, 2017 - 04:31 PM (IST)
ਅਹਿਮਦਾਬਾਦ— ਕਾਂਗਰਸ ਗੁਜਰਾਤ 'ਚ ਜਿੱਤ ਦਾ ਮੌਕਾ ਹੱਥ ਤੋਂ ਗੁਆਉਣਾ ਨਹੀਂ ਚਾਹੁੰਦੀ ਹੈ। ਪਿਛਲੇ ਕਈ ਮਹੀਨਿਆਂ ਤੋਂ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਗੁਜਰਾਤ ਮਿਸ਼ਨ 'ਤੇ ਹਨ। ਕਾਂਗਰਸ ਪਾਟੀਦਾਰਾਂ ਨੂੰ ਵੀ ਖੁਸ਼ ਕਰਨ 'ਚ ਲੱਗੀ ਹੋਈ ਹੈ। ਅਜਿਹੇ 'ਚ ਕਾਂਗਰਸ 'ਚ ਟਿਕਟ ਨੂੰ ਲੈ ਕੇ ਖਿੱਚਾਤਾਨੀ ਚੱਲ ਰਹੀ ਹੈ। ਇਸ ਵਿਚਕਾਰ ਕਾਂਗਰਸ ਉਸ ਮਹਿਲਾ ਨੂੰ ਆਪਣਾ ਉਮੀਦਵਾਰ ਬਣਾਉਣ 'ਤੇ ਵਿਚਾਰ ਕਰ ਰਹੀ ਹੈ, ਜਿਸ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ 'ਤੇ ਵਡੋਦਰਾ ਰੋਡ ਸ਼ੋਅ ਦੌਰਾਨ ਇਸੀ ਸਾਲ ਅਕਤੂਬਰ 'ਚ ਚੂੜੀਆਂ ਸੁੱਟੀਆਂ ਸਨ। ਔਰਤ ਦਾ ਨਾਮ ਚੰਦਰਿਕਾ ਸੋਲੰਕੀ ਹੈ।

ਕਾਂਗਰਸ ਚੰਦਰਿਕਾ ਨੂੰ ਟਿਕਟ ਦੇ ਸਕਦੀ ਹੈ। ਚੰਦਰਿਕਾ ਨੂੰ ਰਾਹੁਲ ਗਾਂਧੀ ਦੀ ਵਲਸਾਡ ਜ਼ਿਲੇ ਦੇ ਧਰਮਪੁਰ 'ਚ ਹੋਈ ਰੈਲੀ 'ਚ ਵੀ ਦੇਖਿਆ ਗਿਆ ਸੀ। ਇਸ ਦੌਰਾਨ ਉਸ ਨੇ ਰਾਹੁਲ ਨਾਲ ਮੁਲਾਕਾਤ ਵੀ ਕੀਤੀ ਸੀ। ਉਦੋਂ ਚੰਦਰਿਕਾ ਨੇ ਕਿਹਾ ਸੀ ਕਿ ਉਸ ਦਾ ਕਾਂਗਰਸ 'ਚ ਸ਼ਾਮਲ ਹੋਣ ਦਾ ਕੋਈ ਇਰਾਦਾ ਨਹੀਂ ਹੈ। ਚੰਦਰਿਕਾ ਪੇਸ਼ੇ ਤੋਂ ਪ੍ਰਾਇਮਰੀ ਟੀਚਰ ਹੈ। ਉਹ ਛੋਟਾ ਉਦੈਪੁਰ ਦੇ ਕੋਟਾਲੀ ਪਿੰਡ ਦੇ ਪ੍ਰਾਇਮਰੀ ਸਕੂਲ 'ਚ 2001 ਤੋਂ ਪੜ੍ਹਾ ਰਹੀ ਸੀ ਪਰ ਹੁਣ ਉਹ ਮੁਅੱਤਲ ਚੱਲ ਰਹੀ ਹੈ।

ਚੰਦਰਿਕਾ ਨੂੰ ਬੈਸਟ ਟੀਚਰ ਦਾ ਅਵਾਰਡ ਵੀ ਮਿਲ ਚੁੱਕਿਆ ਹੈ। ਚੰਦਰਿਕਾ ਆਸ਼ਾ ਵਰਕਸ ਦੇ ਲਈ ਆਵਾਜ਼ ਉਠਾਉਂਦੀ ਰਹਿੰਦੀ ਹੈ। ਜਿਗਨੇਸ਼ ਮੇਵਾਣੀ ਨੇ ਚੰਦਰਿਕਾ ਦਾ ਮੋਦੀ 'ਤੇ ਚੂੜੀਆਂ ਸੁੱਟਦੇ ਦਾ ਵੀਡੀਓ ਵੀ ਸ਼ੇਅਰ ਕੀਤਾ ਸੀ ਅਤੇ ਲਿਖਿਆ ਸੀ ਕਿ ਗੁਜਰਾਤ ਦੀ ਇਹ ਕ੍ਰਾਂਤੀਕਾਰੀ ਵਿਰਾਂਗਨਾ ਚੰਦਰਿਕਾ ਜਿਸ ਨੇ 45 ਹਜ਼ਾਰ ਆਸ਼ਾ ਵਰਕਸ ਭੈਣਾਂ ਦਾ ਨਿਊਨਤਮ ਵੇਤਨ ਤੱਕ ਨਾ ਦੇਣ 'ਤੇ ਮੋਦੀ ਦੇ ਮੂੰਹ 'ਤੇ ਚੂੜੀਆਂ ਸੁੱਟੀਆਂ। ਇਹ ਵੀਡੀਓ ਬਹੁਤ ਵਾਇਰਲ ਹੋਈ ਸੀ।

