ਗੁਜਰਾਤ : ONGC ਪਲਾਂਟ 'ਚ ਤੜਕਸਾਰ ਜ਼ਬਰਦਸਤ ਧਮਾਕਿਆਂ ਮਗਰੋਂ ਲੱਗੀ ਅੱਗ
Thursday, Sep 24, 2020 - 09:02 AM (IST)
ਸੂਰਤ- ਗੁਜਰਾਤ ਵਿਚ ਸੂਰਤ ਦੇ ਹਜਿਰਾ ਸਥਿਤ ਤੇਲ ਅਤੇ ਕੁਦਰਤੀ ਗੈਸ ਨਿਗਮ (ONGC) ਦੇ ਪਲਾਂਟ ਵਿਚ ਅੱਜ ਭਾਵ ਵੀਰਵਾਰ ਤੜਕੇ 3 ਜ਼ਬਰਦਸਤ ਧਮਾਕਿਆਂ ਮਗਰੋਂ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ।
ਹਾਲਾਂਕਿ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਕਲੈਕਟਰ ਧਵਲ ਪਟੇਲ ਨੇ ਦੱਸਿਆ ਕਿ ਤੜਕੇ 3 ਕੁ ਵਜੇ ਤਿੰਨ ਧਮਾਕੇ ਹੋਣ ਮਗਰੋਂ ਅੱਗ ਲੱਗ ਗਈ। ਅਧਿਕਾਰਕ ਸੂਚਨਾ ਵਿਚ ਦੱਸਿਆ ਗਿਆ ਹੈ ਕਿ ਪ੍ਰੋਸੈਸਿੰਗ ਪਲਾਂਟ (ਕੱਚੇ ਤੇਲ ਭਾਵ ਕਰੂਡ ਨੂੰ ਸਾਫ ਕਰਨ ਵਾਲੇ ਪਲਾਂਟ) ਵਿਚ ਅੱਗ ਲੱਗੀ ਤੇ ਕੋਈ ਵੀ ਵਿਅਕਤੀ ਇਸ ਕਾਰਨ ਜ਼ਖ਼ਮੀ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ 640 ਹੈਕਟੇਅਰ ਵਿਚ ਫੈਲੇ ਇਸ ਪਲਾਂਟ ਵਿਚ ਮੁੰਬਈ ਤੋਂ ਲਗਭਗ 240 ਕਿਲੋਮੀਟਰ ਲੰਬੀ ਪਾਈਪ ਰਾਹੀਂ ਕੱਚਾ ਤੇਲ ਲਿਆਂਦਾ ਜਾਂਦਾ ਹੈ। ਇੱਥੇ ਐੱਲ. ਪੀ. ਜੀ. , ਨੇਪਥਾ, ਏ. ਟੀ. ਐੱਫ. ਆਦਿ ਤੇਲ ਦਾ ਉਤਪਾਦਨ ਹੁੰਦਾ ਹੈ। ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਤੇਜ਼ ਸੀ ਕਿ ਦੂਰ ਤਕ ਇਸ ਦੀ ਆਵਾਜ਼ ਸੁਣੀ ਅਤੇ ਆਸਮਾਨ ਧੂੰਏਂ ਦੇ ਗੁਬਾਰ ਨਾਲ ਭਰ ਗਿਆ। ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ। ਅੱਗ ਲੱਗਣ ਦੇ ਕਾਰਨਾਂ ਸਬੰਧੀ ਜਾਂਚ ਅਜੇ ਚੱਲ ਰਹੀ ਹੈ।