ਵੀਡੀਓ ਦੇਖ ਅੱਤਵਾਦੀ ਬਣ ਗਏ 5 ਮੁੰਡੇ ! 8 ਵਾਰ ਕੀਤੀ ਧਮਾਕੇ ਦੀ ਟ੍ਰਾਇਲ, ਗੁਜਰਾਤ ATS ਨੇ ਕੀਤਾ ਖੁਲਾਸਾ
Friday, Jul 17, 2026 - 05:13 PM (IST)
ਅਹਿਮਦਾਬਾਦ (ਏਜੰਸੀ)- ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਵੱਲੋਂ ਜੈਸ਼-ਏ-ਮੁਹੰਮਦ ਤੋਂ ਪ੍ਰੇਰਿਤ 5 ਅੱਤਵਾਦੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਕ ਬੇਹੱਦ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਮੁਲਜ਼ਮ ਕਿਸੇ ਵੱਡੇ ਵਿਦੇਸ਼ੀ ਨੈੱਟਵਰਕ ਦੇ ਇਸ਼ਾਰੇ ’ਤੇ ਨਹੀਂ, ਸਗੋਂ ਡਿਜੀਟਲ ਦੁਨੀਆ ਵਿਚ ਮੌਜੂਦ ਕੱਟੜਪੰਥ ਅਤੇ ਨਫ਼ਰਤ ਭਰੀਆਂ ਵੀਡੀਓਜ਼ ਦੇਖ ਕੇ ਅੱਤਵਾਦੀ ਬਣੇ ਸਨ। ਫੜੇ ਗਏ ਮੁਲਜ਼ਮਾਂ ਦਾ ਮੁੱਖ ਕੇਂਦਰ ਪਾਲਣਪੁਰ ਅਤੇ ਭਰੂਚ ਦੇ ਮਦਰੱਸੇ ਸਨ, ਜਿੱਥੇ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਦੇ ਦਿਮਾਗਾਂ ਵਿਚ ਦੇਸ਼ ਵਿਰੋਧੀ ਜ਼ਹਿਰ ਘੋਲਿਆ ਜਾ ਰਿਹਾ ਸੀ।
ਇਸ ਧੜੇ ਕੋਲੋਂ ਪਾਕਿਸਤਾਨੀ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦੀਆਂ ਨਫ਼ਰਤ ਭਰੀਆਂ ਵੀਡੀਓਜ਼, ਜੈਸ਼-ਏ-ਮੁਹੰਮਦ ਦਾ ਝੰਡਾ ਅਤੇ ‘ਮੁਜਾਹਿਦ ਜਿਹਾਦ ਕਿਵੇਂ ਕਰਨ’ ਵਰਗੀਆਂ ਇਤਰਾਜ਼ਯੋਗ ਕਿਤਾਬਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ਨੂੰ ਇਹ ਨਵੇਂ ਮੁੰਡਿਆਂ ਵਿਚ ਵੰਡ ਰਹੇ ਸਨ। ਇਸ ਤੋਂ ਇਲਾਵਾ ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਨ੍ਹਾਂ ਨੌਜਵਾਨਾਂ ਵਿਚ ਬੰਬ ਧਮਾਕੇ ਕਰਨ ਦਾ ਵਿਚਾਰ ਪੂਰੀ ਤਰ੍ਹਾਂ ਉਨ੍ਹਾਂ ਦਾ ਆਪਣਾ ਸੀ, ਭਾਵ ਇਸਦੇ ਪਿੱਛੇ ਅਜੇ ਤੱਕ ਬਾਹਰ ਤੋਂ ਜੁੜੀ ਕੋਈ ਸਿੱਧੀ ਕੜੀ ਨਹੀਂ ਮਿਲੀ ਹੈ। ਮੁੱਖ ਮੁਲਜ਼ਮ ਅਮਦ ਜਾਮੀਆ ਅਬੁਲ ਹਸਨ ਅਤੇ ਉਸਦੇ ਧੜੇ ਨੇ ਸਾਲ 2023 ਤੋਂ ਫਰਵਰੀ 2024 ਦਰਮਿਆਨ ਵੱਖ-ਵੱਖ ਥਾਵਾਂ ’ਤੇ 8 ਵਾਰ ਆਈ. ਈ. ਡੀ. ਅਤੇ ਟਾਈਮਰ ਬੰਬ ਨਾਲ ਧਮਾਕਾ ਕਰਨ ਦੇ ਟਰਾਇਲ ਵੀ ਕੀਤੇ ਸਨ।
ਆਨਲਾਈਨ ਸ਼ਾਪਿੰਗ ਰਾਹੀਂ ਮੰਗਵਾਇਆ ਸਾਮਾਨ
ਮੁਲਜ਼ਮ ਇੰਟਰਨੈੱਟ ਮੀਡੀਆ ਰਾਹੀਂ ਬੰਬ ਬਣਾਉਣ ਦੀ ਟ੍ਰੇਨਿੰਗ ਲੈ ਰਹੇ ਸਨ ਅਤੇ ਇਸਦੇ ਲਈ ਜ਼ਰੂਰੀ ਕੈਮੀਕਲ ਤੇ ਸਾਮਾਨ ਆਨਲਾਈਨ ਸ਼ਾਪਿੰਗ ਸਾਈਟਾਂ ਰਾਹੀਂ ਮੰਗਵਾਉਂਦੇ ਸਨ। ਪੁਲਸ ਨੇ ਇਨ੍ਹਾਂ ਕੋਲੋਂ 1,30,000 ਰੁਪਏ ਨਕਦ ਅਤੇ ਬੰਬ ਬਣਾਉਣ ਦਾ ਸਾਮਾਨ ਜ਼ਬਤ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
