200 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੀ ਦੋ ਸਾਲਾ ਬੱਚੀ ਹਾਰੀ ਜ਼ਿੰਦਗੀ ਦੀ ਜੰਗ, ਲਾਸ਼ ਬਰਾਮਦ

Monday, Jun 05, 2023 - 09:58 AM (IST)

200 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੀ ਦੋ ਸਾਲਾ ਬੱਚੀ ਹਾਰੀ ਜ਼ਿੰਦਗੀ ਦੀ ਜੰਗ, ਲਾਸ਼ ਬਰਾਮਦ

ਜਾਮਨਗਰ- ਗੁਜਰਾਤ ’ਚ ਜਾਮਨਗਰ ਜ਼ਿਲ੍ਹੇ ਦੇ ਬੋਰਵੈੱਲ ’ਚ ਡਿੱਗਣ ਕਾਰਨ ਸ਼ਨੀਵਾਰ ਨੂੰ 200 ਫੁੱਟ ਡੂੰਘਾਈ ’ਚ ਫਸੀ ਦੋ ਸਾਲਾ ਬੱਚੀ ਨੂੰ ਬਚਾਉਣ ਲਈ ਵੱਖ-ਵੱਖ ਏਜੰਸੀਆਂ ਨੇ 19 ਘੰਟੇ ਤੱਕ ਬਚਾਅ ਮੁਹਿੰਮ ਚਲਾਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਜਾਮਨਗਰ ਸ਼ਹਿਰ ਤੋਂ ਲਗਭਗ 40 ਕਿਲੋਮੀਟਰ ਦੂਰ ਤਮਾਚਾਨ ਪਿੰਡ ਦੇ ਇਕ ਖੇਤ ’ਚ ਮਜ਼ਦੂਰੀ ਕਰਨ ਵਾਲੇ ਇਕ ਜਨਜਾਤੀ ਪਰਿਵਾਰ ਦੀ ਬੱਚੀ ਸ਼ਨੀਵਾਰ ਸਵੇਰੇ 9.30 ਵਜੇ ਖੇਡਦੀ-ਖੇਡਦੀ ਲਗਭਗ 200 ਫੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਈ ਸੀ। ਬੱਚੀ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ ਗਈ, ਜਿਸ ’ਚ ਫੌਜ, ਰਾਸ਼ਟਰੀ ਆਫਤ ਮੋਚਨ ਬਲ (ਐੱਨ. ਡੀ. ਆਰ. ਐੱਫ.) ਅਤੇ ਸਥਾਨਕ ਫਾਇਰ ਕਰਮਚਾਰੀ ਸ਼ਾਮਲ ਹੋਏ। 

ਜਾਮਨਗਰ ਤਹਿਸੀਲ ਵਿਕਾਸ ਵਿਭਾਗ ਦੇ ਅਧਿਕਾਰੀ ਐੱਨ. ਏ. ਸਰਵੱਈਆ ਨੇ ਦੱਸਿਆ ਕਿ ਬੱਚੀ ਨੂੰ ਐਤਵਾਰ ਸਵੇਰੇ ਕਰੀਬ ਪੌਣੇ 6 ਵਜੇ ਬੋਰਵੈੱਲ ’ਚੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸਰਵੱਈਆ ਮੁਤਾਬਕ ਸਥਾਨਕ ਪ੍ਰਸ਼ਾਸਨ ਨੂੰ ਸ਼ਨੀਵਾਰ ਸਵੇਰੇ 11 ਵਜੇ ਇਸ ਘਟਨਾ ਦੀ ਸੂਚਨਾ ਮਿਲੀ ਸੀ, ਜਿਸ ਤੋਂ ਤੁਰੰਤ ਬਾਅਦ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਇਸ ਬਚਾਅ ਮੁਹਿੰਮ 'ਚ ਜਾਮਨਗਰ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਕਾਮਿਆਂ ਨੂੰ ਵੀ ਸ਼ਾਮਲ ਕੀਤਾ ਗਿਆ।

ਇਕ ਅਧਿਕਾਰੀ ਨੇ ਕਿਹਾ ਕਿ ਫ਼ੌਜ ਅਤੇ ਐੱਨ. ਡੀ. ਆਰ. ਐੱਫ. ਕਰਮੀਆਂ ਨੇ ਰਾਤ ਭਰ ਬਚਾਅ ਮੁਹਿੰਮ ਚਲਾਈ। ਬੋਰਵੈੱਲ ਪਾਣੀ ਨਾਲ ਭਰਿਆ ਸੀ ਅਤੇ ਬਚਾਅ ਮੁਹਿੰਮ 'ਚ ਇਕ ਪ੍ਰਾਈਵੇਟ ਬੋਰਵੈੱਲ ਰੋਬੋਟ ਦਾ ਵੀ ਇਸਤੇਮਾਲ ਕੀਤਾ ਗਿਆ। ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਤਹਿਤ ਬੋਰਵੈੱਲ ਤੋਂ ਪਾਣੀ ਕੱਢਿਆ ਗਿਆ ਅਤੇ ਇਕ ਸਮਾਨਾਂਤਰ ਟੋਇਆ ਪੁੱਟਿਆ ਗਿਆ। ਕੁੜੀ ਨੂੰ ਐਤਵਾਰ ਸਵੇਰੇ ਕਰੀਬ ਪੌਣੇ 6 ਵਜੇ ਬਾਹਰ ਕੱਢਿਆ ਗਿਆ ਅਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। 


author

Tanu

Content Editor

Related News