ਗੁਜਰਾਤ ਦੇ ਚਾਂਦੀਪੁਰਾ ਵਾਇਰਸ ਨਾਲ ਪਹਿਲੀ ਮੌਤ, 4 ਸਾਲਾ ਬੱਚੀ ਦੀ ਗਈ ਜਾਨ

Thursday, Jul 18, 2024 - 01:13 AM (IST)

ਗੁਜਰਾਤ ਦੇ ਚਾਂਦੀਪੁਰਾ ਵਾਇਰਸ ਨਾਲ ਪਹਿਲੀ ਮੌਤ, 4 ਸਾਲਾ ਬੱਚੀ ਦੀ ਗਈ ਜਾਨ

ਅਹਿਮਦਾਬਾਦ : ਗੁਜਰਾਤ 'ਚ ਚਾਂਦੀਪੁਰਾ ਵਾਇਰਸ ਕਾਰਨ ਇਕ ਚਾਰ ਸਾਲ ਦੀ ਬੱਚੀ ਦੀ ਮੌਤ ਹੋ ਗਈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ (ਐੱਨ.ਆਈ.ਵੀ.) ਦੀ ਰਿਪੋਰਟ ਦੇ ਹਵਾਲੇ ਨਾਲ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਸੂਬੇ ਵਿਚ ਵਾਇਰਸ ਨਾਲ ਮੌਤ ਦਾ ਪਹਿਲਾ ਪੁਸ਼ਟ ਮਾਮਲਾ ਹੈ, ਜਿੱਥੇ 13 ਹੋਰ ਮਰੀਜ਼ਾਂ ਦੀ ਲਾਗ ਨਾਲ ਮੌਤ ਹੋਣ ਦਾ ਖਦਸ਼ਾ ਹੈ। ਸੂਬੇ ਦੇ ਸਿਹਤ ਵਿਭਾਗ ਨੇ ਕਿਹਾ ਕਿ ਗੁਜਰਾਤ ਵਿਚ ਹੁਣ ਤੱਕ ਚਾਂਦੀਪੁਰਾ ਵਾਇਰਸ ਦੇ 29 ਸ਼ੱਕੀ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 14 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਵਿਭਾਗ ਨੇ ਕਿਹਾ ਕਿ ਸਾਰੇ ਨਮੂਨੇ ਪੁਸ਼ਟੀ ਲਈ ਐੱਨਆਈਵੀ, ਪੁਣੇ ਭੇਜ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਕੇਦਾਰਨਾਥ ਮੰਦਰ ਦਾ ਪ੍ਰਤੀਰੂਪ ਬਣਾਉਣ ਤੋਂ ਪਿੱਛੇ ਨਹੀਂ ਹਟੇਗਾ ਦਿੱਲੀ ਟਰੱਸਟ, ਕਿਹਾ- 'ਕਾਨੂੰਨੀ ਲੜਾਈ ਲਈ ਹਾਂ ਤਿਆਰ'

ਸਾਬਰਕਾਂਠਾ ਦੇ ਮੁੱਖ ਜ਼ਿਲ੍ਹਾ ਸਿਹਤ ਅਧਿਕਾਰੀ (ਸੀਡੀਐੱਚਓ) ਰਾਜ ਸੁਤਾਰੀਆ ਨੇ ਕਿਹਾ, “ਅਰਾਵਲੀ ਜ਼ਿਲ੍ਹੇ ਦੇ ਮੋਟਾ ਕੰਥਾਰੀਆ ਪਿੰਡ ਦੀ ਇਕ ਚਾਰ ਸਾਲ ਦੀ ਬੱਚੀ ਦੀ ਸਾਬਰਕਾਂਠਾ ਜ਼ਿਲ੍ਹੇ ਦੇ ਹਿੰਮਤਨਗਰ ਦੇ ਸਿਵਲ ਹਸਪਤਾਲ ਵਿਚ ਮੌਤ ਹੋ ਗਈ। ਉਸ ਦੇ ਨਮੂਨੇ 'ਚ ਚਾਂਦੀਪੁਰਾ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਈ ਹੈ। ਰਾਜ ਵਿਚ ਚਾਂਦੀਪੁਰਾ ਵਾਇਰਸ ਦੀ ਲਾਗ ਕਾਰਨ ਮੌਤ ਦਾ ਇਹ ਪਹਿਲਾ ਮਾਮਲਾ ਹੈ।” ਉਨ੍ਹਾਂ ਕਿਹਾ ਕਿ ਸਾਬਰਕਾਂਠਾ ਜ਼ਿਲ੍ਹੇ ਦੇ ਤਿੰਨ ਹੋਰ ਲੋਕਾਂ ਦੇ ਨਮੂਨੇ ਐੱਨਆਈਵੀ ਲਈ ਭੇਜੇ ਗਏ ਸਨ, ਜਿਨ੍ਹਾਂ ਵਿਚ ਲਾਗ ਦੀ ਪੁਸ਼ਟੀ ਨਹੀਂ ਹੋਈ ਹੈ। ਇਨ੍ਹਾਂ ਵਿੱਚੋਂ ਇਕ ਮਰੀਜ਼ ਦੀ ਮੌਤ ਹੋ ਗਈ ਹੈ, ਜਦੋਂਕਿ ਦੋ ਹੋਰ ਠੀਕ ਹੋ ਗਏ ਹਨ।

ਸੂਬੇ ਦੇ ਸਿਹਤ ਵਿਭਾਗ ਨੇ ਕਿਹਾ ਕਿ ਸਾਬਰਕਾਂਠਾ, ਅਰਾਵਲੀ, ਮਹੀਸਾਗਰ, ਖੇੜਾ, ਮੇਹਸਾਣਾ, ਰਾਜਕੋਟ, ਸੁਰੇਂਦਰਨਗਰ, ਅਹਿਮਦਾਬਾਦ, ਗਾਂਧੀਨਗਰ, ਪੰਚਮਹਾਲ, ਜਾਮਨਗਰ ਅਤੇ ਮੋਰਬੀ ਜ਼ਿਲ੍ਹਿਆਂ ਤੋਂ ਚਾਂਦੀਪੁਰਾ ਵਾਇਰਸ ਦੀ ਲਾਗ ਦੇ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਵਿਭਾਗ ਨੇ ਕਿਹਾ ਕਿ ਰਾਜਸਥਾਨ (ਉਦੈਪੁਰ ਜ਼ਿਲ੍ਹਾ) ਦੇ ਦੋ ਸ਼ੱਕੀ ਮਰੀਜ਼ ਅਤੇ ਮੱਧ ਪ੍ਰਦੇਸ਼ (ਧਾਰ ਜ਼ਿਲ੍ਹਾ) ਦੇ ਇਕ ਸ਼ੱਕੀ ਮਰੀਜ਼ ਦਾ ਵੀ ਸਰਕਾਰੀ ਹਸਪਤਾਲਾਂ ਵਿਚ ਇਲਾਜ ਕੀਤਾ ਗਿਆ ਹੈ। ਵਿਭਾਗ ਨੇ ਕਿਹਾ ਕਿ ਸਾਵਧਾਨੀ ਦੇ ਤੌਰ 'ਤੇ ਪ੍ਰਭਾਵਿਤ ਖੇਤਰਾਂ ਦੇ 26 ਰਿਹਾਇਸ਼ੀ ਜ਼ੋਨਾਂ ਵਿਚ 51,000 ਤੋਂ ਵੱਧ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

DILSHER

Content Editor

Related News