ਧੀਆਂ ਦੇ ਹਿੱਤ ’ਚ ਪ੍ਰੇਰਨਾਦਾਇਕ ਫ਼ੈਸਲਾ; ਜਿਸ ਘਰ ਧੀ ਦਾ ਜਨਮ, ਉਸ ਨੂੰ ਦਿੱਤੇ ਜਾਣਗੇ 10 ਹਜ਼ਾਰ ਰੁਪਏ

Monday, Nov 07, 2022 - 05:35 PM (IST)

ਧੀਆਂ ਦੇ ਹਿੱਤ ’ਚ ਪ੍ਰੇਰਨਾਦਾਇਕ ਫ਼ੈਸਲਾ; ਜਿਸ ਘਰ ਧੀ ਦਾ ਜਨਮ, ਉਸ ਨੂੰ ਦਿੱਤੇ ਜਾਣਗੇ 10 ਹਜ਼ਾਰ ਰੁਪਏ

ਅਮਰੇਲੀ- ਕਿਹਾ ਜਾਂਦਾ ਹੈ ਕਿ ਧੀ ਹੈ ਤਾਂ ਜਹਾਨ ਹੈ। ਧੀਆਂ ਵਿਹੜੇ ਦੀਆਂ ਰੌਣਕ ਹੁੰਦੀਆਂ ਹਨ। ਅੱਜ ਦੇ ਸਮੇਂ ’ਚ ਧੀਆਂ, ਪੁੱਤਾਂ ਨਾਲੋਂ ਅੱਗੇ ਹਨ, ਭਾਵੇਂ ਉਹ ਕੋਈ ਵੀ ਖੇਤਰ ਕਿਉਂ ਨਾ ਹੋਵੇ। ਤਾਂ ਫਿਰ ਅਸੀਂ ਵੀ ਧੀਆਂ ਨੂੰ ਬਣਦਾ ਸਨਮਾਨ ਦੇਈਏ, ਉਨ੍ਹਾਂ ਨੂੰ ਕੁੱਖ ’ਚ ਹੀ ਕਤਲ ਨਾ ਕਰੀਏ। ਇਸੇ ਕੜੀ ਤਹਿਤ ਗੁਜਰਾਤ ਦੇ ਇਕ ਪਿੰਡ ’ਚ 4 ਧੀਆਂ ਦੇ ਪਿਤਾ ਨੇ ਧੀਆਂ ਦੇ ਹਿੱਤ ’ਚ ਪ੍ਰੇਰਨਾਦਾਇਕ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਤਹਿਤ ਪਿੰਡ ਦੇ ਜਿਸ ਘਰ ਵਿਚ ਧੀ ਦਾ ਜਨਮ ਹੋਵੇਗਾ, ਉਹ ਉਸ ਪਰਿਵਾਰ ਨੂੰ 10 ਹਜ਼ਾਰ ਰੁਪਏ ਭੇਟ ਕਰਨਗੇ। 

ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਈਸ਼ਵਰਿਆ ਪਿੰਡ ਦੇ ਮਨਸੁਖ ਰੂਪਾਲਾ ਨੇ ਇਸ ਦਾ ਐਲਾਨ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਧੀਆਂ ਦੇ ਜਨਮ ’ਤੇ ਉਹ 50 ਹਜ਼ਾਰ ਰੁਪਏ ਭੇਟ ਵੀ ਕਰ ਚੁੱਕੇ ਹਨ। ਰੂਪਾਲਾ ਦਾ ਕਹਿਣਾ ਹੈ ਕਿ ਰੁਪਏ ਭੇਟ ਕਰਨ ਵਿਚ ਕਿਸੇ ਜਾਤੀ ਸਮਾਜ ’ਤੇ ਦਬਾਅ ਨਹੀਂ ਹੈ। ਘਰ-ਪਿੰਡ ਦੀਆਂ ਨੂੰਹਾਂ ਹੀ ਨਹੀਂ ਸਗੋਂ ਪਿੰਡ ਵਿਚ ਆਪਣੇ ਪੇਕੇ ’ਚ ਪਹਿਲੀ ਵਾਰ ਡਿਲੀਵਰੀ ਕਰਵਾਉਣ ਆਈ ਧੀ ਨੂੰ ਵੀ ਇਸ ਦੇ ਦਾਇਰੇ ਵਿਚ ਲਿਆ ਗਿਆ ਹੈ। ਰੂਪਾਲਾ ਇਸ ਰਾਸ਼ੀ ਨੂੰ ਨਵਜਨਮੀ ਬੱਚੀ ਦੇ ਨਾਂ ਜਮਾਂ ਕਰ ਦਿੰਦੇ ਹਨ।

ਰੂਪਾਲਾ ਦੱਸਦੇ ਹਨ ਕਿ ਹਾਲ ਹੀ ਵਿਚ ਪੇਕੇ ਆਈ ਇਕ ਧੀ ਨੇ ਜੁੜਵਾ ਬੱਚੀਆਂ ਨੂੰ ਜਨਮ ਦਿੱਤਾ। ਉਨ੍ਹਾਂ ਨੇ ਉਸ ਧੀ ਨੂੰ 20 ਹਜ਼ਾਰ ਰੁਪਏ ਭੇਟ ਕੀਤੇ। ਕਰੀਬ 2 ਹਜ਼ਾਰ ਦੀ ਆਬਾਦੀ ਵਾਲਾ ਇਹ ਪਿੰਡ ਅਮਰੇਲੀ ਦਾ ਹਿੱਸਾ ਹੈ। ਅਮਰੇਲੀ ’ਚ ਮੁੰਡਾ-ਕੁੜੀ ਅਨੁਪਾਤ 1000:933 ਹੈ। ਇਹ ਅਨੁਪਾਤ ਚਿੰਤਾਜਨਕ ਹੈ। ਇਸ ਦੇ ਚੱਲਦੇ ਵਿਆਹ ਸਮੇਤ ਸਮਾਜਿਕ ਪੱਧਰ ’ਤੇ ਵੀ ਕਈ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਇਸ ਕਰ ਕੇ ਰੂਪਾਲਾ ਨੇ ਇਹ ਫ਼ੈਸਲਾ ਲਿਆ ਹੈ।


author

Tanu

Content Editor

Related News