ਲਾੜਿਆਂ ਨੇ ਕਾਇਮ ਕੀਤੀ ਮਿਸਾਲ, ਦਾਜ 'ਚ ਹੋਈ ਲੱਖਾਂ ਰੁਪਏ ਦੀ ਪੇਸ਼ਕਸ਼ ਤਾਂ ਦਿੱਤਾ ਇਹ ਜਵਾਬ, ਖੱਟੀ ਵਾਹਵਾਹੀ

Friday, Dec 16, 2022 - 03:27 AM (IST)

ਲਾੜਿਆਂ ਨੇ ਕਾਇਮ ਕੀਤੀ ਮਿਸਾਲ, ਦਾਜ 'ਚ ਹੋਈ ਲੱਖਾਂ ਰੁਪਏ ਦੀ ਪੇਸ਼ਕਸ਼ ਤਾਂ ਦਿੱਤਾ ਇਹ ਜਵਾਬ, ਖੱਟੀ ਵਾਹਵਾਹੀ

ਕਰਨਾਲ/ਐਲਨਾਬਾਦ (ਮਨੋਜ/ਸੁਰਿੰਦਰ) : ਇਕ ਪਾਸੇ ਜਿੱਥੇ ਆਏ ਦਿਨ ਦਾਜ ਦੇ ਪਿੱਛੇ ਹੋ ਰਹੇ ਜੁਰਮ ਦੇ ਮਾਮਲੇ ਖ਼ਬਰਾਂ ਵਿਚ ਆਉਂਦੇ ਹਨ ਉੱਥੇ ਹੀ ਹਰਿਆਣਾ ਵਿਚ ਕੁੱਝ ਲਾੜਿਆਂ ਨੇ ਦਾਜ ਨੂੰ ਠੁਕਰਾ ਕੇ ਮਿਸਾਲ ਕਾਇਮ ਕਰ ਦਿੱਤੀ ਹੈ। ਵੱਖ-ਵੱਖ ਥਾਈਂ ਹੋਏ ਵਿਆਹਾਂ ਵਿਚ ਲਾੜਿਆਂ ਨੇ ਕੁੜੀ ਦੇ ਪਰਿਵਾਰ ਵੱਲੋਂ ਦਾਜ ਵਜੋਂ ਮਿਲ ਰਹੇ ਲੱਖਾਂ ਰੁਪਏ ਨੂੰ ਕੋਰੀ ਨਾਂਹ ਕਰਦਿਆਂ ਮਹਿਜ਼ 1 ਰੁਪਏ ਸ਼ਗਨ ਲੈ ਕੇ ਵਿਆਹ ਰਚਾ ਲਿਆ। ਮੁੰਡਿਆਂ ਦੇ ਇਸ ਕਦਮ ਦੀ ਹਰ ਪਾਸਿਓਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਸੌਖੇ ਢੰਗ ਨਾਲ ਪੈਸੇ ਕਮਾਉਣ ਲਈ ਦਿਹਾੜੀਦਾਰਾਂ ਨੇ ਬਣਾ ਲਿਆ ਲੁਟੇਰਾ ਗੈਂਗ, ਕਰ'ਤੀਆਂ ਡੇਢ ਦਰਜਨ ਵਾਰਦਾਤਾਂ

ਦਾਜ ਦੇ 21 ਲੱਖ ਰੁਪਏ ਠੁਕਰਾ ਕੇ ਖੱਟੀ ਵਾਹਵਾਹੀ

ਔਂਗਦ ਪਿੰਡ ਵਾਸੀ ਸਚਿਨ ਰਾਣਾ ਨੇ ਦਾਜ ਦੇ 21 ਲੱਖ ਰੁਪਏ ਠੁਕਰਾ ਦਿੱਤੇ ਅਤੇ ਸ਼ਗਨ ਦੇ ਰੂਪ ਵਿਚ 1 ਰੁਪਿਆ ਲੈ ਕੇ ਯਮੁਨਾਨਗਰ ਦੇ ਖਜੂਰੀ ਪਿੰਡ ਦੀ ਸੋਨਮ ਨਾਲ ਵਿਆਹ ਰਚਾ ਕੇ ਮਿਸਾਲ ਕਾਇਮ ਕੀਤੀ। ਕਰਨਾਲ ਦੇ ਔਂਗਦ ਵਾਸੀ ਸਚਿਨ ਨੇ ਬਿਨਾਂ ਦਾਜ ਦੇ ਵਿਆਹ ਕਰ ਕੇ ਸਮਾਜ ਵਿਚ ਚੰਗਾ ਸੰਦੇਸ਼ ਦਿੱਤਾ ਹੈ। ਸਚਿਨ ਰਾਣਾ ਨੇ ਕਿਹਾ ਕਿ ਦਾਜ ਪ੍ਰਥਾ ਨੇ ਸਮਾਜ ਦੀਆਂ ਜੜਾਂ ਨੂੰ ਖੋਖਲਾ ਕੀਤਾ ਹੈ, ਜਿਸ ਕਾਰਨ ਬੇਟੀਆਂ ਅੱਜ ਪਿਤਾ ’ਤੇ ਬੋਝ ਜਿਹੀਆਂ ਲੱਗਣ ਲੱਗੀਆਂ ਹਨ। ਇਸ ਪ੍ਰਥਾ ਨੂੰ ਖ਼ਤਮ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਪਵੇਗਾ ਤਾਂ ਹੀ ਸਮਾਜ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ। ਲਾੜੇ ਦੇ ਪਿਤਾ ਨਰਸਿੰਗ ਸਰਕਾਰੀ ਗਰਲਜ਼ ਸਕੂਲ ਦੇ ਸਾਬਕਾ ਪ੍ਰਿੰਸੀਪਲ ਤਰਸੇਮ ਰਾਣਾ ਨੇ ਦੱਸਿਆਂ ਕਿ ਉਹ ਦਾਜ ਦੇ ਸਖ਼ਤ ਖ਼ਿਲਾਫ ਹਨ।

ਇਹ ਖ਼ਬਰ ਵੀ ਪੜ੍ਹੋ - ਛੱਤੀਸਗੜ੍ਹ 'ਚ ਵੰਦੇ ਭਾਰਤ ਐਕਸਪ੍ਰੈੱਸ 'ਤੇ ਪਥਰਾਅ, PM ਮੋਦੀ ਨੇ ਐਤਵਾਰ ਨੂੰ ਕੀਤੀ ਸੀ ਰਵਾਨਾ

ਦੋਹਾਂ ਭਰਾਵਾਂ ਨੇ ਦਾਜ ਲੈਣ ਤੋਂ ਕੀਤੀ ਕੋਰੀ ਨਾਂਹ, ਕਿਹਾ ਜੇ ਦਾਜ ਹੀ ਲੈਣਾ ਹੈ ਤਾਂ ਸਾਡੀ ਪੜ੍ਹਾਈ ਬੇਕਾਰ

ਐਲਨਾਬਾਦ ਦੇ ਪਿੰਡ ਮਿੱਠਨਪੁਰਾ ਵਾਸੀ ਦੇਵੀਰਾਮ ਦੇਹੜੂ ਦੀਆਂ ਧੀਆਂ ਕਵਿਤਾ ਅਤੇ ਆਇਨਾ ਦਾ ਵਿਆਹ ਸਿਰਸਾ ਜ਼ਿਲ੍ਹੇ ਦੇ ਪਿੰਡ ਗੁੜੀਆ (ਹਰਿਆਣਾ) ਦੇ ਰਹਿਣ ਵਾਲੇ ਪ੍ਰਹਿਲਾਦ ਪਿਲਾਨੀਆ ਦੇ ਪੁੱਤਰਾਂ ਸੁਨੀਲ ਅਤੇ ਮਨੀਸ਼ ਨਾਲ ਹੋਇਆ। ਜਦੋਂ ਪ੍ਰਹਿਲਾਦ ਪਿਲਾਨੀਆ 14 ਦਸੰਬਰ ਨੂੰ ਆਪਣੇ ਦੋਵੇਂ ਮੁੰਡਿਆਂ ਦੇ ਵਿਆਹ ਦੀ ਬਾਰਾਤ ਲੈ ਕੇ ਪਿੰਡ ਮਿੱਠਨਪੁਰਾ ਦੇਵੀਰਾਮ ਦੇਹੜੂ ਦੇ ਘਰ ਪਹੁੰਚਿਆ ਜਿੱਥੇ ਸੁਨੀਲ ਦਾ ਵਿਆਹ ਕਵਿਤਾ ਅਤੇ ਮਨੀਸ਼ ਦਾ ਵਿਆਹ ਆਇਨਾ ਨਾਲ ਹੋਇਆ। ਵਿਆਹ ਤੋਂ ਬਾਅਦ ਦੇਵੀਰਾਮ ਦੇਹੜੂ ਨੇ ਦੋਵਾਂ ਜਵਾਈਆਂ ਨੂੰ ਦਾਜ ਵਜੋਂ 1 ਲੱਖ 51 ਹਜ਼ਾਰ ਰੁਪਏ ਨਕਦ ਦਿੱਤੇ। ਮੁੰਡੇ ਵਾਲਿਆਂ ਨੇ ਦਾਜ ਦੀ ਰਕਮ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਗਨ ਵਜੋਂ ਸਿਰਫ਼ ਇਕ ਰੁਪਿਆ ਅਤੇ ਨਾਰੀਅਲ ਹੀ ਸਵੀਕਾਰ ਕੀਤਾ।

ਇਹ ਖ਼ਬਰ ਵੀ ਪੜ੍ਹੋ - ਜੇ.ਪੀ. ਨੱਢਾ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਦੱਸਿਆ 'ਪਛਤਾਵਾ ਯਾਤਰਾ'

ਲੜਕੀ ਦੇ ਪਿਤਾ ਦੇਵੀਰਾਮ ਦੇਹੜੂ ਸਮੇਤ ਪੂਰੇ ਦੇਹੜੂ ਪਰਿਵਾਰ ਅਤੇ ਮਿੱਠਨਪੁਰਾ ਪਿੰਡ ਵਾਸੀਆਂ ਨੇ ਲਾੜਿਆਂ ਨੂੰ ਵਧਾਈ ਦਿੱਤੀ ਅਤੇ ਦਾਜ ਨਾ ਲੈਣ-ਦੇਣ ਦੀ ਮੁਹਿੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁਨੀਲ ਅਤੇ ਮਨੀਸ਼ ਪਿਲਾਨੀਆ ਨੇ ਕਿਹਾ ਕਿ ਜੇਕਰ ਅੱਜ ਦੇ ਦੌਰ 'ਚ ਸਾਡਾ ਸਮਾਜ ਪਹਿਲਾਂ ਵਾਂਗ ਹੀ ਕੁੜੀ ਵਾਲਿਆਂ ਤੋਂ ਦਾਜ ਵਜੋਂ ਮੋਟੀਆਂ ਰਕਮਾਂ ਲੈਂਦਾ ਰਿਹਾ ਤਾਂ ਪੜ੍ਹੇ-ਲਿਖੇ ਨੌਜਵਾਨਾਂ ਦੀ ਪੜ੍ਹਾਈ ਬੇਕਾਰ ਹੈ। ਉਨ੍ਹਾਂ ਆਪਣੀ ਉਮਰ ਦੇ ਹੋਰਨਾਂ ਨੌਜਵਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸਾਰੇ ਹੀ ਆਪਣੀ ਵਿੱਦਿਆ ਅਤੇ ਸਿਆਣਪ ਦਾ ਸਬੂਤ ਦਿੰਦੇ ਹੋਏ ਦਾਜ ਵਰਗੀ ਇਸ ਬੁਰਾਈ ਨੂੰ ਤਿਆਗ ਕੇ ਦਾਜ ਵਿਚ ਸਿਰਫ਼ ਕੁੜੀ ਨੂੰ ਅਪਨਾਉਣ ਤਾਂ ਜੋ ਧੀਆਂ ਦੇ ਮਾਪਿਆਂ 'ਤੇ ਵਿੱਤੀ ਕਰਜ਼ਾ ਨਾ ਚੜ੍ਹੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News