ਲੱਗ ਗਿਆ ਗ੍ਰੀਨ ਲਾਕਡਾਊਨ, ਸਕੂਲ ਕਰ ''ਤੇ ਬੰਦ, ਲਾਗੂ ਹੋ ਗਈਆਂ ਨਵੀਂਆਂ ਪਾਬੰਦੀਆਂ

Monday, Nov 04, 2024 - 07:45 PM (IST)

ਲੱਗ ਗਿਆ ਗ੍ਰੀਨ ਲਾਕਡਾਊਨ, ਸਕੂਲ ਕਰ ''ਤੇ ਬੰਦ, ਲਾਗੂ ਹੋ ਗਈਆਂ ਨਵੀਂਆਂ ਪਾਬੰਦੀਆਂ

ਨਵੀਂ ਦਿੱਲੀ : ਭਾਰਤ ਦੇ ਕੁਝ ਸੂਬਿਆਂ 'ਚ ਹਵਾ ਗੁਣਵੱਤਾ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਦਿੱਲੀ ਦੇ ਕੁਝ ਇਲਾਕਿਆਂ ਵਿੱਚ ਤਾਂ AQI (ਹਵਾ ਗੁਣਵੱਤਾ ਸੂਚਾਂਕ) 500 ਤੋਂ ਪਾਰ ਪਹੁੰਚ ਗਿਆ ਹੈ। ਲਗਾਤਾਰ ਖ਼ਤਰਨਾਕ ਹੁੰਦੀ ਜਾ ਰਹੀ ਹਵਾ ਵਿੱਚ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਦੂਜੇ ਪਾਸੇ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵੀ ਇਸ ਵੇਲੇ ਹਵਾ ਦੀ ਹਾਲਤ ਕੋਈ ਬਹੁੱਤੀ ਵਧੀਆ ਨਹੀਂ ਹੈ। ਪਾਕਿਸਤਾਨ ਦੀ ਸੱਭਿਆਚਾਰਕ ਰਾਜਧਾਨੀ ਲਾਹੌਰ 'ਚ ਹਵਾ ਦੀ ਗੁਣਵੱਤਾ ਖਤਰਨਾਕ ਪੱਧਰ 'ਤੇ ਪਹੁੰਚ ਗਈ ਹੈ।ਅਜਿਹੀ ਸਥਿਤੀ ਕਾਰਨ ਲਹਿੰਦੇ ਪੰਜਾਬ ਵਿੱਚ ਗ੍ਰੀਨ ਲਾਕਡਾਉਨ ਲਾਗੂ ਹੋ ਗਿਆ ਹੈ। ਪ੍ਰਾਇਮਰੀ ਸਕੂਲਾਂ ਨੂੰ ਇਕ ਹਫਤੇ ਲਈ ਬੰਦ ਕਰ ਦਿੱਤਾ ਗਿਆ। ਹਵਾ ਗੁਣਵੱਤਾ ਸੂਚਕਾਂਕ ਹਫਤੇ ਦੇ ਅੰਤ ਵਿੱਚ ਉੱਚ ਪੱਧਰ 'ਤੇ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪਿਛਲੇ ਕਈ ਦਿਨਾਂ ਤੋਂ ਅਜਿਹੇ ਹਾਲਾਤ ਬਣੇ ਰਹਿਣ ਕਾਰਨ ਲਾਹੌਰ ਵਿੱਚ ਸਰਕਾਰ ਵੱਲੋਂ ਕਈ ਪਾਬੰਦੀਆਂ ਲਾਈਆਂ ਗਈਆਂ ਹਨ।
ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਹ ਕਦਮ 1.4 ਕਰੋੜ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਬੱਚਿਆਂ ਨੂੰ ਸਾਹ ਅਤੇ ਹੋਰ ਬਿਮਾਰੀਆਂ ਤੋਂ ਬਚਾਉਣ ਦੇ ਵੱਡੇ ਯਤਨ ਦੇ ਹਿੱਸੇ ਵਜੋਂ ਚੁੱਕਿਆ ਗਿਆ ਹੈ। ਸਰਕਾਰ ਨੇ ਕਿਹਾ ਕਿ ਲਾਹੌਰ ਵਿੱਚ ਹਰ ਕਿਸੇ ਲਈ ਮਾਸਕ ਪਹਿਨਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਵਧਦੇ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਸਰਕਾਰ ਨੇ ਲਾਹੌਰ 'ਚ ਗ੍ਰੀਨ ਲਾਕਡਾਊਨ ਦਾ ਐਲਾਨ ਕੀਤਾ ਹੈ। ਇਸ ਤਹਿਤ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਉਦਾਹਰਣ ਵਜੋਂ, ਸ਼ਹਿਰ ਦੇ 50 ਫੀਸਦ ਕਰਮਚਾਰੀ ਘਰ ਤੋਂ ਕੰਮ ਕਰਨਗੇ।

ਏਅਰ ਕੁਆਲਿਟੀ ਇੰਡੈਕਸ 1 ਹਜ਼ਾਰ ਤੋਂ ਪਾਰ

ਸਰਕਾਰ ਨੇ ਕਿਹਾ ਕਿ ਗ੍ਰੀਨ ਲਾਕਡਾਊਨ ਦੇ ਤਹਿਤ, ਸ਼ਹਿਰ ਦੇ 50 ਫੀਸਦ ਕਰਮਚਾਰੀ ਯਕੀਨੀ ਤੌਰ 'ਤੇ ਘਰ ਤੋਂ ਕੰਮ ਕਰਨਗੇ। ਬਿਨਾਂ ਫਿਲਟਰ ਦੇ ਲੱਕੜ ਜਾਂ ਚਾਰਕੋਲ 'ਤੇ ਖਾਣਾ ਬਣਾਉਣ 'ਤੇ ਪਾਬੰਦੀ ਲਗਾਈ ਗਈ ਹੈ। ਨਾਲ ਹੀ ਅਗਲੇ ਹੁਕਮਾਂ ਤੱਕ ਮੋਟਰ ਰਿਕਸ਼ਾ ਚਲਾਉਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਰਾਤ 10 ਵਜੇ ਤੱਕ ਮੈਰਿਜ ਹਾਲ ਬੰਦ ਕਰਨੇ ਪੈਣਗੇ। ਇਸ ਤੋਂ ਇਲਾਵਾ ਜੇਕਰ ਲੋੜ ਪਵੇ ਤਾਂ ਪ੍ਰਦੂਸ਼ਣ ਨਾਲ ਨਜਿੱਠਣ ਲਈ ਨਕਲੀ ਮੀਂਹ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਲਾਹੌਰ ਇਸ ਸਮੇਂ ਵਿਸ਼ਵ ਪੱਧਰ 'ਤੇ ਦੁਨੀਆ ਦੇ ਸਭ ਤੋਂ ਜ਼ਹਿਰੀਲੇ ਸ਼ਹਿਰਾਂ ਵਿੱਚੋਂ ਇੱਕ ਹੈ। ਲਾਹੌਰ ਵਿੱਚ ਹਵਾ ਗੁਣਵੱਤਾ ਸੂਚਕਾਂਕ ਵੀਕਐਂਡ ਵਿੱਚ 1,000 ਤੋਂ ਉੱਪਰ ਪਹੁੰਚ ਗਿਆ ਹੈ, ਜੋ ਕਿ ਪਾਕਿਸਤਾਨ ਵਿੱਚ ਸਭ ਤੋਂ ਵੱਧ ਹੈ। ਭਾਰਤ ਦੀ ਸਰਹੱਦ ਨਾਲ ਲੱਗਦੇ ਪੂਰਬੀ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਵਿੱਚ ਹਵਾ ਦੀ ਗੁਣਵੱਤਾ ਪਿਛਲੇ ਮਹੀਨੇ ਤੋਂ ਖ਼ਰਾਬ ਹੋਣ ਲੱਗੀ ਹੈ। ਜ਼ਹਿਰੀਲੇ ਧੂੰਏਂ ਕਾਰਨ ਹਜ਼ਾਰਾਂ ਲੋਕ, ਮੁੱਖ ਤੌਰ 'ਤੇ ਬੱਚੇ ਅਤੇ ਬਜ਼ੁਰਗ ਬਿਮਾਰ ਹੋਣ ਲੱਗੇ।
ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਕੁਝ ਇਲਾਕਿਆਂ 'ਚ ਨਿਰਮਾਣ ਕਾਰਜਾਂ 'ਤੇ ਵੀ ਰੋਕ ਲਗਾ ਦਿੱਤੀ ਹੈ। ਧੂੰਆਂ ਛੱਡਣ ਵਾਲੇ ਵਾਹਨਾਂ ਦੇ ਮਾਲਕਾਂ 'ਤੇ ਜੁਰਮਾਨਾ ਲਗਾਇਆ ਗਿਆ ਹੈ। ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਪ੍ਰਦੂਸ਼ਣ ਕਾਰਨ ਸਕੂਲ ਇੱਕ ਹਫ਼ਤੇ ਲਈ ਬੰਦ ਰਹਿਣਗੇ। ਪੰਜਾਬ ਦੇ ਵਾਤਾਵਰਣ ਸੁਰੱਖਿਆ ਵਿਭਾਗ ਨੇ ਕਿਹਾ ਕਿ ਹਵਾ ਵਿੱਚ ਪ੍ਰਦੂਸ਼ਕ ਪੀਐਮ 2.5 ਦੀ ਗਾੜ੍ਹਾਪਣ 450 ਦੇ ਨੇੜੇ ਪਹੁੰਚ ਗਈ ਹੈ, ਜਿਸ ਨੂੰ ਖ਼ਤਰਨਾਕ ਮੰਨਿਆ ਜਾਂਦਾ ਹੈ।

ਕਦੇ ਬਾਗਾਂ ਦਾ ਸ਼ਹਿਰ ਅਖਵਾਉਂਦਾ ਸੀ ਲਾਹੌਰ

ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਨੂੰ ਕਦੇ ਬਾਗਾਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਸੀ। ਜੋ ਕਿ 16ਵੀਂ ਤੋਂ 19ਵੀਂ ਸਦੀ ਤੱਕ ਲਗਭਗ ਹਰ ਥਾਂ ਵੇਖੇ ਗਏ ਸਨ। ਪਰ ਤੇਜ਼ੀ ਨਾਲ ਸ਼ਹਿਰੀਕਰਨ ਅਤੇ ਵਧਦੀ ਆਬਾਦੀ ਕਾਰਨ ਹਰਿਆਲੀ ਲਈ ਬਹੁਤ ਘੱਟ ਥਾਂ ਬਚੀ ਹੈ। ਇਸ ਦੇ ਨਾਲ ਹੀ ਸਰਕਾਰ ਦੀ ਲਾਪਰਵਾਹੀ ਅਤੇ ਲੋਕਾਂ ਦੀ ਵਧਦੀ ਆਬਾਦੀ ਕਾਰਨ ਲਾਹੌਰ ਹੁਣ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਬਣ ਗਿਆ ਹੈ।


author

DILSHER

Content Editor

Related News