''''ਬਦਕਿਸਮਤੀ ਨਾਲ ਪਾਇਲਟ ਜਹਾਜ਼ ''ਚੋਂ ਨਿਕਲ ਨਹੀਂ ਸਕਿਆ...'''', ਤੇਜਸ ਕ੍ਰੈਸ਼ ''ਤੇ ਪਾਕਿਸਤਾਨ ਨੇ ਜਤਾਇਆ ਦੁੱਖ
Sunday, Nov 23, 2025 - 10:39 AM (IST)
ਇੰਟਰਨੈਸ਼ਨਲ ਡੈਸਕ- ਬੀਤੇ ਦਿਨੀਂ ਦੁਬਈ ਏਅਰ ਸ਼ੋਅ 2025 ਦੌਰਾਨ ਭਾਰਤੀ ਹਵਾਈ ਸੈਨਾ ਦੇ ਇੱਕ ਤੇਜਸ ਲੜਾਕੂ ਜਹਾਜ਼ ਦੇ ਕ੍ਰੈਸ਼ ਹੋਣ ਅਤੇ ਇਸ ਦੇ ਪਾਇਲਟ ਵਿੰਗ ਕਮਾਂਡਰ ਨਮਾਂਸ਼ ਸਿਆਲ ਦੀ ਮੌਤ 'ਤੇ ਪਾਕਿਸਤਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਸ਼ਹੀਦ ਪਾਇਲਟ ਦੇ ਪਰਿਵਾਰ ਅਤੇ ਭਾਰਤੀ ਹਵਾਈ ਸੈਨਾ ਪ੍ਰਤੀ ਡੂੰਘੀ ਹਮਦਰਦੀ ਜਤਾਈ ਹੈ।
ਰੱਖਿਆ ਮੰਤਰੀ ਨੇ 'ਐਕਸ' 'ਤੇ ਰਾਤ ਸਮੇਂ ਪੋਸਟ ਸਾਂਝੀ ਕਰ ਕੇ ਹਾਦਸੇ 'ਤੇ ਦੁੱਖ ਜਤਾਇਆ। 'ਪਾਕਿਸਤਾਨ ਸਟ੍ਰੈਟੇਜਿਕ ਫੋਰਮ' ਅਕਾਊਂਟ 'ਤੇ ਪੋਸਟ ਸਾਂਝੀ ਕਰਦੇ ਹੋਏ ਭਾਰਤੀ ਹਵਾਈ ਸੈਨਾ ਅਤੇ ਪਾਇਲਟ ਦੇ ਪਰਿਵਾਰ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟਾਈ। ਉਨ੍ਹਾਂ ਪੋਸਟ 'ਚ ਕਿਹਾ ਕਿ ਬਦਕਿਸਮਤੀ ਨਾਲ ਹਵਾਈ ਸੈਨਾ ਦਾ ਪਾਇਲਟ ਜਹਾਜ਼ ਤੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਹਾਦਸੇ ਵਿੱਚ ਬਚ ਨਹੀਂ ਪਾਇਆ।
'ਪਾਕਿਸਤਾਨ ਸਟ੍ਰੈਟੇਜਿਕ ਫੋਰਮ' ਨੂੰ ਪਾਕਿਸਤਾਨ ਅਤੇ ਸਹਿਯੋਗੀ ਦੇਸ਼ਾਂ ਦੇ ਰੱਖਿਆ ਵਿਸ਼ਲੇਸ਼ਕਾਂ ਦੀ ਇੱਕ ਏਜੰਸੀ ਦੱਸਿਆ ਗਿਆ ਹੈ, ਜੋ ਰਣਨੀਤਕ ਅਤੇ ਫੌਜੀ ਜਾਣਕਾਰੀ ਪ੍ਰਦਾਨ ਕਰਦੀ ਹੈ। ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਸਪੱਸ਼ਟ ਕੀਤਾ ਕਿ ਗੁਆਂਢੀ ਦੇਸ਼ ਦੀ ਹਵਾਈ ਸੈਨਾ ਦੇ ਨਾਲ ਮੁਕਾਬਲਾ ਸਿਰਫ਼ ਆਕਾਸ਼ ਤੱਕ ਹੀ ਸੀਮਤ ਹੈ। ਹਾਲਾਂਕਿ ਕੁਝ ਰਿਪੋਰਟਾਂ ਅਨੁਸਾਰ ਇਸ ਕਦਮ ਨੂੰ ਪਾਕਿਸਤਾਨ ਦੁਆਰਾ ਅੰਤਰਰਾਸ਼ਟਰੀ ਮੰਚ 'ਤੇ "ਨਾਟਕਬਾਜ਼ੀ" ਸ਼ੁਰੂ ਕਰਨ ਅਤੇ ਦੁਨੀਆ ਤੋਂ "ਦਿਖਾਵੇ ਦੀ ਹਮਦਰਦੀ" ਬਟੋਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
