ਅਲਰਟ 'ਤੇ ਪ੍ਰਸ਼ਾਸਨ ! ਪਾਕਿ 'ਚ ਇੰਟਰਨੈੱਟ ਬੰਦ, ਸਕੂਲਾਂ 'ਚ ਵੀ ਛੁੱਟੀਆਂ ਦਾ ਐਲਾਨ
Thursday, Nov 13, 2025 - 01:28 PM (IST)
ਇੰਟਰਨੈਸ਼ਨਲ ਡੈਸਕ- ਇਕ ਪਾਸੇ ਦਿੱਲੀ ਧਮਾਕੇ ਕਾਰਨ ਪਾਕਿਸਾਤਨੀ ਫ਼ੌਜ ਅਲਰਟ 'ਤੇ ਹੈ, ਉੱਥੇ ਹੀ ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਵਿੱਚ ਸੁਰੱਖਿਆ ਦੇ ਮੱਦੇਨਜ਼ਰ, ਸੂਬਾ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਸੁਰੱਖਿਆ ਅਲਰਟ ਜਾਰੀ ਕੀਤੇ ਜਾਣ ਤੋਂ ਬਾਅਦ, ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਫੈਸਲਾ ਸੂਬੇ ਵਿੱਚ ਮੌਜੂਦਾ ਸਥਿਤੀਆਂ ਅਤੇ ਸੁਰੱਖਿਆ ਚੌਕਸੀ ਕਾਰਨ ਲਿਆ ਗਿਆ ਹੈ।
ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਮੁਤਾਬਕ ਮੋਬਾਈਲ ਇੰਟਰਨੈੱਟ ਸੇਵਾਵਾਂ 16 ਨਵੰਬਰ ਤੱਕ ਮੁਅੱਤਲ ਰਹਿਣਗੀਆਂ। ਅਧਿਕਾਰੀਆਂ ਮੁਤਾਬਕ ਇਹ ਪਾਬੰਦੀ ਸੂਬੇ ਦੇ ਪੇਂਡੂ ਖੇਤਰਾਂ 'ਤੇ ਲਾਗੂ ਰਹੇਗੀ। ਹਾਲਾਂਕਿ, ਸੂਬੇ ਦੀ ਰਾਜਧਾਨੀ ਕਵੇਟਾ ਜ਼ਿਲ੍ਹੇ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਅਧਿਕਾਰਤ ਛੋਟ ਦੇ ਬਾਵਜੂਦ ਕਵੇਟਾ ਵਿੱਚ ਇੰਟਰਨੈੱਟ ਯੂਜ਼ਰਸ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਕਿ ਬੁੱਧਵਾਰ ਤੋਂ ਹੀ ਇੰਟਰਨੈੱਟ ਸੇਵਾਵਾਂ ਕੰਮ ਨਹੀਂ ਕਰ ਰਹੀਆਂ।
ਇਸ ਤੋਂ ਇਲਾਵਾ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਕਵੇਟਾ ਦੇ ਕੈਂਟੋਨਮੈਂਟ ਖੇਤਰ ਦੇ ਸਾਰੇ ਸਕੂਲ ਬੁੱਧਵਾਰ ਤੋਂ 16 ਨਵੰਬਰ ਤੱਕ ਬੰਦ ਕਰ ਦਿੱਤੇ ਗਏ ਹਨ। ਨੈਸ਼ਨਲ ਹਾਈਵੇ N-70 ਦੇ ਲੋਰਾਲਾਈ ਸੈਕਸ਼ਨ ਦੇ ਨਾਲ-ਨਾਲ ਸਾਰੀਆਂ ਆਵਾਜਾਈ ਸੇਵਾਵਾਂ ਲਈ ਯਾਤਰਾ ਨੂੰ 14 ਨਵੰਬਰ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਗ੍ਰਹਿ ਵਿਭਾਗ ਨੇ ਸਾਰੇ ਜ਼ਿਲ੍ਹਾ ਪ੍ਰਸ਼ਾਸਨਾਂ, ਪੁਲਸ ਅਤੇ ਸਬੰਧਤ ਅਥਾਰਟੀਆਂ ਨੂੰ ਇਸ ਫੈਸਲੇ ਨੂੰ ਤੁਰੰਤ ਲਾਗੂ ਕਰਨ ਅਤੇ ਜਨਤਾ ਦੀ ਸਹੂਲਤ ਲਈ ਬਦਲਵੇਂ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
