ਅੱਜ ਹੈਦਰਾਬਾਦ ''ਚ ਹੋਵੇਗਾ ਮਿਸ ਵਰਲਡ 2025 ਦਾ ਗ੍ਰੈਂਡ ਫਿਨਾਲੇ

Saturday, May 31, 2025 - 01:10 PM (IST)

ਅੱਜ ਹੈਦਰਾਬਾਦ ''ਚ ਹੋਵੇਗਾ ਮਿਸ ਵਰਲਡ 2025 ਦਾ ਗ੍ਰੈਂਡ ਫਿਨਾਲੇ

ਹੈਦਰਾਬਾਦ (ਏਜੰਸੀ)- ਹੈਦਰਾਬਾਦ ਵਿੱਚ ਚੱਲ ਰਹੇ 72ਵੇਂ ਮਿਸ ਵਰਲਡ ਮੁਕਾਬਲੇ ਦਾ 'ਗ੍ਰੈਂਡ ਫਿਨਾਲੇ' ਅੱਜ ਯਾਨੀ ਸ਼ਨੀਵਾਰ ਸ਼ਾਮ ਨੂੰ ਹਾਈਟੈਕਸ ਪ੍ਰਦਰਸ਼ਨੀ ਕੇਂਦਰ ਵਿੱਚ ਹੋਵੇਗਾ। ਦੁਨੀਆ ਭਰ ਦੇ 108 ਭਾਗੀਦਾਰ ਤੇਲੰਗਾਨਾ ਦੇ ਸੈਰ-ਸਪਾਟਾ ਸਥਾਨਾਂ ਦੀ ਸੈਰ, ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਅਤੇ ਉਦੇਸ਼ਪੂਰਨ ਗਤੀਵਿਧੀਆਂ ਸਮੇਤ ਲਗਭਗ ਇੱਕ ਮਹੀਨੇ ਦੇ ਜੀਵੰਤ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਹੁਣ ਸੁੰਦਰਤਾ ਦੇ ਸ਼ਾਨਦਾਰ ਤਿਉਹਾਰ ਵਿੱਚ ਮਿਸ ਵਰਲਡ ਦਾ ਤਾਜ ਜਿੱਤਣ ਦੀ ਹੋੜ ਵਿਚ ਹਨ। ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, 'ਗ੍ਰੈਂਡ ਫਿਨਾਲੇ' ਦੀ ਮੇਜ਼ਬਾਨੀ ਸਟੈਫਨੀ ਡੇਲ ਵੈਲੇ (ਮਿਸ ਵਰਲਡ 2016) ਅਤੇ ਮਸ਼ਹੂਰ ਭਾਰਤੀ ਪੇਸ਼ਕਾਰ ਸਚਿਨ ਕੁੰਭਰ ਕਰਨਗੇ।

ਬਾਲੀਵੁੱਡ ਸਟਾਰ ਜੈਕਲੀਨ ਫਰਨਾਂਡੀਜ਼ ਅਤੇ ਈਸ਼ਾਨ ਖੱਟਰ ਵੀ ਪ੍ਰੋਗਰਾਮ ਵਿੱਚ ਗਲੈਮਰ ਦਾ ਤੜਕਾ ਲਾਉਣ ਲਈ ਪਰਫਾਰਮ ਕਰਨਗੇ। ਜਿਊਰੀ ਵਿੱਚ ਅਦਾਕਾਰ ਸੋਨੂ ਸੂਦ ਸ਼ਾਮਲ ਹਨ, ਜਿਨ੍ਹਾਂ ਨੂੰ ਵੱਕਾਰੀ 'ਮਿਸ ਵਰਲਡ ਹਿਊਮੈਨਟੇਰੀਅਨ ਐਵਾਰਡ' ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨਾਲ ਸੁਧਾ ਰੈੱਡੀ ਸ਼ਾਮਲ ਹੋਵੇਗੀ, ਜਿਨ੍ਹਾਂ ਨੇ ਹਾਲ ਹੀ ਵਿੱਚ 'ਬਿਊਟੀ ਵਿਦ ਏ ਪਰਪਜ਼ ਗਾਲਾ ਡਿਨਰ' ਦੀ ਮੇਜ਼ਬਾਨੀ ਕੀਤੀ ਸੀ। ਇਨ੍ਹਾਂ ਦੇ ਨਾਲ ਹੀ ਮਿਸ ਇੰਗਲੈਂਡ 2014 ਕੈਰੀਨਾ ਟਰੇਲ ਵੀ ਹੋਵੇਗੀ, ਜੋ ਇੱਕ ਡਾਕਟਰ, ਸਮਾਜ ਸੇਵਕ, ਨਿਵੇਸ਼ਕ ਅਤੇ ਕੈਂਬਰਿਜ ਯੂਨੀਵਰਸਿਟੀ ਵਿੱਚ ਫੈਲੋ ਹੈ।

ਜਿਊਰੀ ਦੀ ਪ੍ਰਧਾਨਗੀ ਅਤੇ ਜੇਤੂ ਦੀ ਘੋਸ਼ਣਾ ਮਿਸ ਵਰਲਡ ਦੀ ਚੇਅਰਪਰਸਨ ਜੂਲੀਆ ਮੋਰਲੇ ਸੀਬੀਈ ਦੁਆਰਾ ਕੀਤੀ ਜਾਵੇਗੀ। ਮਿਸ ਵਰਲਡ 2017 ਅਤੇ ਬਾਲੀਵੁੱਡ ਅਦਾਕਾਰਾ ਮਾਨੁਸ਼ੀ ਛਿੱਲਰ ਵੀ ਇੱਕ ਵਿਸ਼ੇਸ਼ ਹਾਜ਼ਰੀ ਦਜਰ ਕਰਾਏਗੀ। 'ਗ੍ਰੈਂਡ ਫਿਨਾਲੇ' ਦਾ ਸਮਾਪਨ ਨਵੀਂ ਮਿਸ ਵਰਲਡ ਨੂੰ ਮੌਜੂਦਾ ਖਿਤਾਬਧਾਰੀ ਕ੍ਰਿਸਟੀਨਾ ਪਿਸਜ਼ਕੋਵਾ ਦੁਆਰਾ ਤਾਜ ਪਹਿਨਾਏ ਜਾਣ ਨਾਲ ਹੋਵੇਗਾ। ਪਿਸਜ਼ਕੋਵਾ 71ਵੀਂ ਮਿਸ ਵਰਲਡ ਹੈ, ਜਿਨ੍ਹਾਂ ਨੂੰ ਪਿਛਲੇ ਸਾਲ ਮੁੰਬਈ ਵਿੱਚ ਤਾਜ ਪਹਿਨਾਇਆ ਗਿਆ ਸੀ। ਮਿਸ ਵਰਲਡ 2025 ਪ੍ਰਤੀਯੋਗਿਤਾ 10 ਮਈ ਨੂੰ ਹੈਦਰਾਬਾਦ ਵਿੱਚ ਇੱਕ ਸ਼ਾਨਦਾਰ ਸਮਾਰੋਹ ਨਾਲ ਸ਼ੁਰੂ ਹੋਈ ਸੀ।


author

cherry

Content Editor

Related News