ਕੋਰੋਨਾ ਨਾਲ ਜੰਗ ’ਚ ਜਨਤਾ ਦੀ ਸ਼ਮੂਲੀਅਤ ਯਕੀਨੀ ਬਣਾਉਣ ਰਾਜਪਾਲ: ਮੋਦੀ

04/15/2021 3:28:29 AM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਕਾਰਣ ਬਣੇ ਭਿਆਨਕ ਹਾਲਾਤ ’ਤੇ ਚਰਚਾ ਕਰਦੇ ਹੋਏ ਬੁੱਧਵਾਰ ਨੂੰ ਦੇਸ਼ ਭਰ ਦੇ ਰਾਜਪਾਲਾਂ ਅਤੇ ਉਪ ਰਾਜਪਾਲਾਂ ਨੂੰ ਕੋਰੋਨਾ ਨਾਲ ਜੰਗ ’ਚ ਜਨਤਾ ਦੀ ਸ਼ਮੂਲੀਅਤ ਯਕੀਨੀ ਬਣਾਉਣ ਨੂੰ ਕਿਹਾ।

ਉਨ੍ਹਾਂ ਕਿਹਾ ਕਿ ਭਾਈਚਾਰਕ ਸੰਗਠਨਾਂ, ਰਾਜਨੀਤਕ ਪਾਰਟੀਆਂ, ਸਵੈਮਸੇਵੀ ਸੰਸਥਾਵਾਂ ਅਤੇ ਸਮਾਜਿਕ ਸੰਸਥਾਵਾਂ ਦੀ ਮਦਦ ਲਈ ਜਾਵੇ। ਐੱਨ. ਸੀ. ਸੀ. ਅਤੇ ਐੱਨ. ਐੱਸ. ਐੱਸ. ਦਾ ਵੀ ਸਹਿਯੋਗ ਲਿਆ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਤੋਂ ਪਾਰ ਪਾਉਣ ਲਈ ਟ੍ਰੈਕਿੰਗ, ਟ੍ਰੇਸਿੰਗ ਅਤੇ ਟਰੀਟਮੈਂਟ ’ਤੇ ਜ਼ੋਰ ਦੇਣ ਅਤੇ ਆਰ. ਟੀ. ਪੀ. ਆਰ. ਟੈਸਟ ਵਧਾਉਣ ਦੀ ਲੋੜ ਹੈ। ਬੈਠਕ ’ਚ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹੋਏ।

ਇਹ ਵੀ ਪੜ੍ਹੋ- ਫੌਜੀਆਂ 'ਤੇ ਵੀ ਮੰਡਰਾ ਰਿਹਾ ਕੋਰੋਨਾ ਦਾ ਖ਼ਤਰਾ, ਸਾਹਮਣੇ ਆਏ 577 ਨਵੇਂ ਮਾਮਲੇ

ਪ੍ਰਧਾਨ ਮੰਤਰੀ ਅਤੇ ਉਪ ਰਾਸ਼ਟਰਪਤੀ ਨੇ ਸਾਰੇ ਸੂਬਿਆਂ ਦੇ ਰਾਜਪਾਲਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉਪ ਰਾਜਪਾਲਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਵਰਚੁਅਲ ਬੈਠਕ ’ਚ ਕਿਹਾ ਕਿ ਸਰਕਾਰ ਕੋਰੋਨਾ ਟੀਕਿਆਂ ਦੀ ਸਮਰੱਥ ਉਪਲਬਧਤਾ ਲਈ ਵਚਨਬੱਧ ਹੈ। ਦੇਸ਼ ’ਚ ਕੋਰੋਨਾ ਟੀਕਿਆਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਟੀਕਾਕਰਨ ਚੱਲ ਰਿਹਾ ਹੈ ਅਤੇ ਸਰਕਾਰ ਨੇ ਇਸ ਲਈ ਨਵੇਂ ਕੇਂਦਰ ਵੀ ਬਣਾਏ ਹਨ।

ਪ੍ਰਧਾਨ ਮੰਤਰੀ ਨੇ ਅਜਿਹੇ ਸਮੇਂ ’ਚ ਇਹ ਅਪੀਲ ਕੀਤੀ ਹੈ, ਜਦੋਂ ਕਈ ਗੈਰ-ਭਾਜਪਾ ਸ਼ਾਸਿਤ ਸੂਬਿਆਂ ਵਿੱਚ ਸੱਤਾਧਾਰੀ ਪਾਰਟੀਆਂ ਅਤੇ ਰਾਜਪਾਲਾਂ, ਉਪ ਰਾਜਪਾਲਾਂ ਵਿਚਾਲੇ ਕਸ਼ਮਕਸ਼ ਚੱਲ ਰਹੀ ਹੈ। ਚਾਹੇ ਮਹਾਰਾਸ਼ਟਰ ਹੋਵੇ, ਪੱਛਮੀਂ ਬੰਗਾਲ ਹੋਵੇ ਜਾਂ ਫਿਰ ਦਿੱਲੀ, ਇਸ ਸੂਬਿਆਂ ਵਿਚਾਲੇ ਆਏ ਦਿਨ ਮੁੱਖ ਮੰਤਰੀਆਂ ਦੀ ਰਾਜਪਾਲ ਅਤੇ ਉਪ ਰਾਜਪਾਲ ਨਾਲ ਖਿੱਚੋਤਾਣ ਸੁਰਖੀਆਂ ’ਚ ਰਹਿੰਦੀ ਹੈ ।

ਇਹ ਵੀ ਪੜ੍ਹੋ- ਕੋਰੋਨਾ ਦੌਰਾਨ ਤਿਹਾੜ ਜੇਲ੍ਹ ਤੋਂ ਪਰੋਲ 'ਤੇ ਛੱਡੇ ਗਏ ਕਈ ਕੈਦੀ ਵਾਪਸ ਨਹੀਂ ਪਰਤੇ

ਇਸ ਮੌਕੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਰਾਜਪਾਲਾਂ ਅਤੇ ਉਪ ਰਾਜਪਾਲਾਂ ਨੂੰ ਆਪਣੇ-ਆਪਣੇ ਸੂਬਿਆਂ ’ਚ ਸਰਬ ਪਾਰਟੀ ਬੈਠਕਾਂ ਬੁਲਾਉਣ ਅਤੇ ਸਮਾਜਿਕ ਸੰਸਥਾਵਾਂ ਦੇ ਨਾਲ ਮਿਲ ਕੇ ਕੋਰੋਨਾ ਨਾਲ ਲੜਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News