ਅਕਾਲੀ-ਭਾਜਪਾ ਗੱਠਜੋੜ ''ਤੇ ਪੰਜਾਬ ਦੇ ਰਾਜਪਾਲ ਦਾ ਵੱਡਾ ਬਿਆਨ
Wednesday, Feb 11, 2026 - 03:20 PM (IST)
ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗੱਠਜੋੜ ਦੀਆਂ ਚਰਚਾਵਾਂ ਨਾਲ ਸਿਆਸਤ ਵਿਚ ਹਲਚਲ ਮਚੀ ਹੋਈ ਹੈ। ਇਸ ਚਰਚਾ ਨੇ ਉਸ ਵੇਲੇ ਹੋਰ ਵੀ ਜ਼ਿਆਦਾ ਜ਼ੋਰ ਫੜ ਲਿਆ, ਜਦੋਂ ਬੀਤੇ ਕੱਲ੍ਹ ਪੰਜਾਬ ਦੇ ਰਾਜਪਾਲ ਵੱਲੋਂ ਨਸ਼ਿਆਂ ਵਿਰੁੱਧ ਕੱਢੀ ਗਈ ਇਕ ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਨੂੰ ਲੈ ਕੇ ਹੋਰ ਪਾਰਟੀਆਂ ਵੱਲੋਂ ਸਵਾਲ ਵੀ ਚੁੱਕੇ ਗਏ ਸਨ, ਜਿਸ ਮਗਰੋਂ ਹੁਣ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ।
ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਨੇ ਇਸ ਯਾਤਰਾ ਵਿਚ ਸ਼ਾਮਲ ਹੋਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਸੱਦਾ ਦਿੱਤਾ ਸੀ। ਉਨ੍ਹਾਂ ਨੇ ਇਲਾਕੇ ਦੇ ਸਾਰੇ ਮੌਜੂਦਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਨਾਲ-ਨਾਲ ਧਰਮ ਗੁਰੂਆਂ ਨੂੰ ਵੀ ਸੱਦਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਜੋੜ ਕੇ ਜਨ ਅੰਦੋਲਨ ਬਣੇਗਾ ਤੇ ਫ਼ਿਰ ਹੀ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ।
ਫਾਜ਼ਿਲਕਾ ਵਿਚ ਪੈਦਲ ਮਾਰਚ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਕਟਾਰੀਆ ਨੇ ਕਿਹਾ ਕਿ ਨਾ ਉਨ੍ਹਾਂ ਨੇ ਕਦੇ ਸਿਆਸਤ ਕਰਨੀ ਹੈ ਤੇ ਨਾ ਹੀ ਚੋਣ ਲੜਣੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਤਨਖ਼ਾਹ 'ਤੇ ਗੁਜ਼ਾਰਾ ਕਰਦੇ ਹਨ ਤੇ ਉਨ੍ਹਾਂ ਕੋਲ ਜਿਹੜੀ ਗੱਡੀ ਵੀ ਹੈ, ਉਹ ਵੀ ਜਨਤਾ ਦੀ ਹੈ। ਉਹ ਜਨਤਾ ਦੇ ਸੁੱਖ-ਦੁੱਖ ਵਿਚ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਦੀ ਪਾਲਣਾ ਕਰਦੇ ਹਨ ਤੇ ਮਰਦੇ ਦਮ ਤਕ ਅਜਿਹਾ ਕਰਦੇ ਰਹਿਣਗੇ।
