‘ਮੰਤਰੀਆਂ ਦੇ ਸਮੂਹ ਨੇ ਸਰਬਸੰਮਤੀ ਨਾਲ ਲਿਆ ਸੀ ਦਹੀਂ, ਲੱਸੀ ''ਤੇ GST ਲਗਾਉਣ ਦਾ ਫੈਸਲਾ’

Tuesday, Jul 26, 2022 - 03:04 PM (IST)

‘ਮੰਤਰੀਆਂ ਦੇ ਸਮੂਹ ਨੇ ਸਰਬਸੰਮਤੀ ਨਾਲ ਲਿਆ ਸੀ ਦਹੀਂ, ਲੱਸੀ ''ਤੇ GST ਲਗਾਉਣ ਦਾ ਫੈਸਲਾ’

ਨਵੀਂ ਦਿੱਲੀ- ਸਰਕਾਰ ਨੇ ਮੰਗਲਵਾਰ ਨੂੰ ਰਾਜ ਸਭਾ 'ਚ ਕਿਹਾ ਕਿ ਅਨਾਜ, ਦਹੀਂ, ਲੱਸੀ ਸਮੇਤ ਵੱਖ-ਵੱਖ ਵਸਤੂਆਂ 'ਤੇ ਵਸਤੂਆਂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਲਗਾਉਣ ਦਾ ਹਾਲ ਹੀ ਦਾ ਫ਼ੈਸਲਾ ਵੱਖ-ਵੱਖ ਸੂਬਿਆਂ ਦੇ ਮੰਤਰੀ ਸਮੂਹ (ਜੀ.ਓ.ਐੱਮ) ਨੇ ਸਰਬਸੰਮਤੀ ਨਾਲ ਲਿਆ ਸੀ। ਇਹ ਜਾਣਕਾਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ ’ਚ ਦਿੱਤੀ। ਉਨ੍ਹਾਂ ਕਿਹਾ ਕਿ ਲਖਨਊ ’ਚ ਹੋਈ ਜੀ. ਐੱਸ. ਟੀ. ਕੌਂਸਲ ਦੀ 45ਵੀਂ ਮੀਟਿੰਗ ’ਚ ਵੱਖ-ਵੱਖ ਸੂਬਿਆਂ ਦੇ ਮੰਤਰੀਆਂ ਦਾ ਸਮੂਹ (ਜੀ.ਓ.ਐਮ) ਬਣਾਉਣ ਦਾ ਫ਼ੈਸਲਾ ਕੀਤਾ ਗਿਆ।

ਚੌਧਰੀ ਨੇ ਕਿਹਾ ਕਿ ਜੀ.ਓ.ਐਮ ’ਚ ਕਰਨਾਟਕ, ਬਿਹਾਰ, ਕੇਰਲ, ਗੋਆ, ਉੱਤਰ ਪ੍ਰਦੇਸ਼, ਰਾਜਸਥਾਨ, ਪੱਛਮੀ ਬੰਗਾਲ ਵਰਗੇ ਸੂਬਿਆਂ ਦੇ ਮੰਤਰੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਹ ਜੀ.ਓ.ਐਮ ਸਰਬਸੰਮਤੀ ਨਾਲ ਫੈਸਲੇ ਲੈਂਦਾ ਹੈ। ਇਸ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾ ਸੁਸ਼ੀਲ ਕੁਮਾਰ ਮੋਦੀ ਨੇ ਸਵਾਲ ਕੀਤਾ ਸੀ ਕਿ ਹਾਲ ਹੀ ’ਚ ਜਿਸ ਬੈਠਕ ’ਚ ਅਨਾਜ, ਦਹੀਂ, ਲੱਸੀ ਆਦਿ ’ਤੇ ਜੀ. ਐੱਸ. ਟੀ. ਲਾਏ ਜਾਣ ਦਾ ਫ਼ੈਸਲਾ ਹੋਇਆ, ਕੀ ਉਸ ’ਚ ਵਿਰੋਧੀ ਪਾਰਟੀਆਂ ਵਲੋਂ ਸ਼ਾਸਿਤ ਦਿੱਲੀ, ਕੇਰਲ, ਰਾਜਸਥਾਨ ਅਤੇ ਪੱਛਮੀ ਬੰਗਾਲ ਵਰਗੇ ਸੂਬਿਆਂ ਦੇ ਮੰਤਰੀ ਮੌਜੂਦ ਸਨ।

ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਕੀ ਇਨ੍ਹਾਂ ਸੂਬਿਆਂ ਨੇ ਮੀਟਿੰਗ ’ਚ ਇਨ੍ਹਾਂ ਵਸਤਾਂ 'ਤੇ ਜੀ. ਐੱਸ. ਟੀ. ਲਗਾਉਣ ਦਾ ਵਿਰੋਧ ਜਾਂ ਅਸਹਿਮਤੀ ਪ੍ਰਗਟਾਈ ਸੀ। ਚੌਧਰੀ ਨੇ ਕਿਹਾ ਕਿ ਇਹ ਫ਼ੈਸਲਾ ਲੈਣ ਵਾਲੇ ਸਮੂਹ ਵਿਚ ਸ਼ਾਮਲ ਲੋਕਾਂ ਦੀ ਪ੍ਰਵਾਨਗੀ ਨਾਲ ਹੀ ਫ਼ੈਸਲਾ ਲਿਆ ਗਿਆ ਸੀ। ਪੈਟਰੋਲੀਅਮ ਪਦਾਰਥਾਂ ਨੂੰ ਜੀ. ਐੱਸ. ਟੀ.  ਦੇ ਦਾਇਰੇ ’ਚ ਲਿਆਉਣ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲੇ ਜੀ. ਐੱਸ. ਟੀ.  ਕੌਂਸਲ ਵੱਲੋਂ ਲਏ ਜਾਂਦੇ ਹਨ ਅਤੇ ਇਸ ਵਿਚ ਇਹ ਪ੍ਰਸਤਾਵ ਆਇਆ ਸੀ। ਚੌਧਰੀ ਨੇ ਕਿਹਾ, ''ਇਸ ਪ੍ਰਸਤਾਵ 'ਤੇ ਵਿਚਾਰ ਕੀਤਾ ਜਾ ਰਿਹਾ ਹੈ।'' ਭਾਜਪਾ ਦੇ ਮੈਂਬਰ ਅਸ਼ੋਕ ਵਾਜਪਾਈ ਨੇ ਸਵਾਲ ਕੀਤਾ ਸੀ ਕਿ ਕੀ 'ਇਕ ਰਾਸ਼ਟਰ, ਇਕ ਕੀਮਤ' ਦੇ ਸਿਧਾਂਤ ਤਹਿਤ ਪੈਟਰੋਲੀਅਮ ਪਦਾਰਥਾਂ 'ਤੇ ਇਕਸਾਰ ਜੀ. ਐੱਸ. ਟੀ ਲਾਗੂ ਕੀਤਾ ਜਾਵੇਗਾ।


author

Tanu

Content Editor

Related News