ਪੰਜਾਬ: ਮੀਂਹ ਕਾਰਨ ਤੇਜ਼ੀ ਨਾਲ ਡਿੱਗਿਆ ਤਾਪਮਾਨ, ਸੁਹਾਵਣਾ ਹੋਇਆ ਮੌਸਮ, ਲੋਕਾਂ ਨੇ ਲਿਆ ਸੁਖ ਦਾ ਸਾਹ
Sunday, Mar 15, 2026 - 06:14 PM (IST)
ਗੁਰਦਾਸਪੁਰ(ਹਰਮਨ)–ਜ਼ਿਲ੍ਹਾ ਗੁਰਦਾਸਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਅੱਜ ਐਤਵਾਰ ਨੂੰ ਹੋਈ ਦਰਮਿਆਨੀ ਬਾਰਿਸ਼ ਨਾਲ ਮੌਸਮ ਅਚਾਨਕ ਸੁਹਾਵਣਾ ਹੋ ਗਿਆ। ਬਾਰਿਸ਼ ਦੇ ਕਾਰਨ ਦਿਨ ਦੇ ਤਾਪਮਾਨ ਵਿੱਚ ਕਰੀਬ 8 ਡਿਗਰੀ ਸੈਂਟੀਗਰੇਡ ਤੱਕ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅਸਮੇਂ ਦੀ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਦਿਨ ਦੇ ਨਾਲ-ਨਾਲ ਰਾਤ ਦੇ ਸਮੇਂ ਵੀ ਹਲਕੀ ਠੰਡਕ ਮਹਿਸੂਸ ਕੀਤੀ ਜਾ ਰਹੀ ਹੈ, ਜਿਸ ਨਾਲ ਮਾਰਚ ਦੇ ਮਹੀਨੇ ਵਿੱਚ ਮੌਸਮ ਮੁੜ ਸੁਹਾਵਣਾ ਬਣ ਗਿਆ ਹੈ। ਜਾਣਕਾਰੀ ਅਨੁਸਾਰ ਇਸ ਸਾਲ ਸਰਦੀਆਂ ਦੇ ਮੌਸਮ ਦੌਰਾਨ ਵੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਮ ਤੋਂ ਕਾਫੀ ਘੱਟ ਬਾਰਿਸ਼ ਦਰਜ ਕੀਤੀ ਗਈ ਸੀ। ਜਨਵਰੀ ਤੋਂ ਮਾਰਚ ਦੇ ਪਹਿਲੇ ਹਫ਼ਤੇ ਤੱਕ ਲਗਭਗ ਤਿੰਨ ਮਹੀਨਿਆਂ ਦੌਰਾਨ ਇਲਾਕੇ ਵਿੱਚ ਕੋਈ ਵੱਡੀ ਬਾਰਿਸ਼ ਨਹੀਂ ਹੋਈ, ਜਿਸ ਕਾਰਨ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ।
ਇਹ ਵੀ ਪੜ੍ਹੋ- ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ਅਗਲੇ 3 ਘੰਟੇ ਅਹਿਮ
ਮਾਰਚ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਦਿਨ ਦਾ ਤਾਪਮਾਨ 32 ਤੋਂ 35 ਡਿਗਰੀ ਸੈਂਟੀਗਰੇਡ ਤੱਕ ਪਹੁੰਚ ਗਿਆ ਸੀ, ਜੋ ਆਮ ਤੌਰ ’ਤੇ ਅਪ੍ਰੈਲ ਜਾਂ ਮਈ ਦੇ ਮਹੀਨੇ ਵਿੱਚ ਦਰਜ ਹੁੰਦਾ ਹੈ। ਇਸ ਅਚਾਨਕ ਵਧੀ ਗਰਮੀ ਕਾਰਨ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਕਿਸਾਨਾਂ ਦੀ ਚਿੰਤਾ ਵੀ ਵਧ ਗਈ ਸੀ। ਖਾਸ ਕਰਕੇ ਕਣਕ ਦੀ ਫਸਲ ਉੱਤੇ ਇਸ ਗਰਮੀ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਸੀ। ਕਈ ਖੇਤਾਂ ਵਿੱਚ ਕਣਕ ਦੇ ਪੱਤੇ ਸਮੇਂ ਤੋਂ ਪਹਿਲਾਂ ਹੀ ਰੰਗ ਬਦਲਣ ਲੱਗ ਪਏ ਸਨ ਅਤੇ ਦਾਣਿਆਂ ਦੇ ਵਿਕਾਸ ’ਤੇ ਵੀ ਨਕਾਰਾਤਮਕ ਪ੍ਰਭਾਵ ਪੈਣ ਦੀ ਸੰਭਾਵਨਾ ਬਣ ਰਹੀ ਸੀ। ਇਸ ਸਥਿਤੀ ਨੂੰ ਦੇਖਦੇ ਹੋਏ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਲਗਾਤਾਰ ਸਲਾਹ ਦਿੱਤੀ ਜਾ ਰਹੀ ਸੀ ਕਿ ਉਹ ਫਸਲ ਨੂੰ ਹਲਕਾ ਪਾਣੀ ਲਗਾਉਣ ਤਾਂ ਜੋ ਮਿੱਟੀ ਵਿੱਚ ਨਮੀ ਬਣੀ ਰਹੇ ਅਤੇ ਸੋਕੇ ਵਰਗੀ ਸਥਿਤੀ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਪਰਤੀ ਠੰਡ, ਕਈ ਇਲਾਕਿਆਂ 'ਚ ਪਿਆ ਮੀਂਹ, ਵਿਭਾਗ ਨੇ 18 ਮਾਰਚ ਤੱਕ ਕਰ'ਤਾ ਅਲਰਟ
ਅਜਿਹੀ ਸਥਿਤੀ ਵਿੱਚ ਅੱਜ ਹੋਈ ਬਾਰਿਸ਼ ਕਿਸਾਨਾਂ ਲਈ ਵੱਡੀ ਰਾਹਤ ਲੈ ਕੇ ਆਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਫਸਲ ਇਸ ਸਮੇਂ ਦਾਣਾ ਬਣਨ ਦੇ ਮਹੱਤਵਪੂਰਨ ਪੜਾਅ ਵਿੱਚ ਹੁੰਦੀ ਹੈ ਅਤੇ ਇਸ ਸਮੇਂ ਜੇਕਰ ਮੌਸਮ ਠੰਡਾ ਅਤੇ ਨਮੀ ਵਾਲਾ ਰਹੇ ਤਾਂ ਪੈਦਾਵਾਰ ਵਿੱਚ ਸੁਧਾਰ ਆਉਂਦਾ ਹੈ। ਖਾਸ ਕਰਕੇ ਅਗੇਤੀ ਬੀਜੀ ਗਈ ਕਣਕ ਲਈ ਇਹ ਮੌਸਮ ਕਾਫੀ ਲਾਭਕਾਰੀ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਬਾਰਿਸ਼ ਦੇ ਕਾਰਨ ਸ਼ਹਿਰ ਦੇ ਕੁਝ ਨੀਵੇਂ ਇਲਾਕਿਆਂ ਅਤੇ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਦੀਆਂ ਵੀ ਖਬਰਾਂ ਸਾਹਮਣੇ ਆਈਆਂ ਹਨ। ਕਈ ਥਾਵਾਂ ’ਤੇ ਨਿਕਾਸੀ ਪ੍ਰਬੰਧ ਠੀਕ ਨਾ ਹੋਣ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਆਵਾਜਾਈ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਬਾਰਿਸ਼ ਮਾਮੂਲੀ ਹੀ ਰਹੀ ਅਤੇ ਉੱਥੇ ਸੜਕਾਂ ਪੂਰੀ ਤਰ੍ਹਾਂ ਗਿੱਲੀਆਂ ਵੀ ਨਹੀਂ ਹੋ ਸਕੀਆਂ।
ਇਹ ਵੀ ਪੜ੍ਹੋ- ਅਕਾਲੀ ਦਲ ਨੇ ਕੰਚਨਪ੍ਰੀਤ ਕੌਰ ਨੂੰ ਤਰਨਤਾਰਨ ਤੋਂ ਨਿਯੁਕਤ ਕੀਤਾ ਹਲਕਾ ਇੰਚਾਰਜ
ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਅਤੇ ਇਸ ਸਬੰਧੀ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਸੰਭਾਵਨਾ ਕਾਰਨ ਕਿਸਾਨਾਂ ਵਿੱਚ ਹਲਕੀ ਚਿੰਤਾ ਵੀ ਦੇਖਣ ਨੂੰ ਮਿਲ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਤੇਜ਼ ਬਾਰਿਸ਼ ਦੇ ਨਾਲ ਹਵਾਵਾਂ ਚਲਦੀਆਂ ਹਨ ਤਾਂ ਕਣਕ ਦੀ ਖੜੀ ਫਸਲ ਖੇਤਾਂ ਵਿੱਚ ਵਿਣ ਸਕਦੀ ਹੈ, ਜਿਸ ਨਾਲ ਪੈਦਾਵਾਰ ਨੂੰ ਨੁਕਸਾਨ ਪਹੁੰਚ ਸਕਦਾ ਹੈ। ਫਿਲਹਾਲ ਹਾਲਾਤਾਂ ਦੇ ਮੱਦੇਨਜ਼ਰ ਮੌਸਮ ਅਤੇ ਫਸਲਾਂ ਦੀ ਸਥਿਤੀ ਕਾਫੀ ਖੁਸ਼ਗਵਾਰ ਬਣੀ ਹੋਈ ਹੈ ਅਤੇ ਕਿਸਾਨ ਉਮੀਦ ਕਰ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸੰਤੁਲਿਤ ਰਹੇ ਤਾਂ ਕਣਕ ਦੀ ਪੈਦਾਵਾਰ ਉੱਤੇ ਸਕਾਰਾਤਮਕ ਅਸਰ ਪੈ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
