ਫੇਸਬੁੱਕ ਨੇ ਪਾਏ ਪੁਆੜੇ, ਸੋਨਾ ਕਾਰੋਬਾਰੀ ਦੀ ਪਤਨੀ ਤੇ ਬੱਚਿਆਂ ਨੂੰ ਬੰਧਕ ਬਣਾ ਮੰਗੀ ਫਿਰੌਤੀ

Thursday, Feb 06, 2020 - 01:56 PM (IST)

ਫੇਸਬੁੱਕ ਨੇ ਪਾਏ ਪੁਆੜੇ, ਸੋਨਾ ਕਾਰੋਬਾਰੀ ਦੀ ਪਤਨੀ ਤੇ ਬੱਚਿਆਂ ਨੂੰ ਬੰਧਕ ਬਣਾ ਮੰਗੀ ਫਿਰੌਤੀ

ਗਾਜ਼ੀਆਬਾਦ— ਆਏ ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲੁਟੇਰੇ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਲਈ ਸੋਸ਼ਲ ਮੀਡੀਆ ਨੂੰ ਇਕ ਹਥਿਆਰ ਵਜੋਂ ਵਰਤੇ ਰਹੇ ਹਨ। ਲੁਧਿਆਣਾ ਦੇ ਸੋਨਾ ਕਾਰੋਬਾਰੀ ਦੀ ਪਤਨੀ ਅਤੇ ਬੱਚਿਆਂ ਨੂੰ ਬੰਧਕ ਬਣਾ ਕੇ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਪੁਲਸ ਨੇ ਇਕ ਦੋਸ਼ੀ ਦੀ ਲੋਕੇਸ਼ਨ ਗਾਜ਼ੀਆਬਾਦ ਦੇ ਕਵੀਨਗਰ 'ਚ ਟਰੇਸ ਹੋਣ 'ਤੇ ਉਸ ਨੂੰ ਹਿਰਾਸਤ ਵਿਚ ਲਿਆ ਹੈ। ਉਸ ਤੋਂ ਪੁੱਛ-ਗਿੱਛ ਕਰ ਕੇ ਕਾਰੋਬਾਰੀ ਦੀ ਪਤਨੀ ਅਤੇ ਬੱਚਿਆਂ ਦਾ ਪਤਾ ਲਾਇਆ ਜਾ ਰਿਹਾ ਹੈ। ਪੁਲਸ ਮੁਤਾਬਕ ਲੁਧਿਆਣਾ ਵਾਸੀ ਸੋਨਾ ਕਾਰੋਬਾਰੀ ਦੀ ਪਤਨੀ ਨੂੰ ਇਕ ਵਿਅਕਤੀ ਨੇ ਫੇਸਬੁੱਕ 'ਤੇ ਫਰੈਂਡ ਰਿਕਵੈਸਟ ਭੇਜੀ। ਔਰਤ ਵਲੋਂ ਰਿਕਵੈਸਟ ਮਨਜ਼ੂਰ ਕਰ ਲਈ ਗਈ, ਜਿਸ ਤੋਂ ਬਾਅਦ ਵਿਅਕਤੀ ਨੇ ਮੈਸੇਂਜਰ 'ਤੇ ਚੈੱਟ ਸ਼ੁਰੂ ਕਰ ਦਿੱਤੀ। 

ਦੋਸ਼ ਹੈ ਕਿ ਵਿਅਕਤੀ ਨੇ ਔਰਤ ਨੂੰ ਗੱਲਾਂ 'ਚ ਫਸਾ ਲਿਆ ਅਤੇ ਉਸ ਨੂੰ ਬੱਚਿਆਂ ਸਮੇਤ ਮਿਲਣ ਲਈ ਦਿੱਲੀ ਬੁਲਾਇਆ। ਹੱਦ ਤਾਂ ਉਦੋਂ ਹੋ ਗਈ ਜਦੋਂ ਔਰਤ ਆਪਣੇ ਬੇਟੀ ਅਤੇ ਬੇਟੇ ਨਾਲ ਵਿਅਕਤੀ ਨੂੰ ਮਿਲਣ ਪਹੁੰਚ ਗਈ। ਇਹ ਗੱਲ ਪਰਿਵਾਰ ਨੇ ਆਖੀ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਉਮਰ 10 ਤੋਂ 8 ਸਾਲ ਦਰਮਿਆਨ ਹੈ। ਪਰਿਵਾਰ ਮੁਤਾਬਕ ਉਨ੍ਹਾਂ ਨੇ ਕਾਫੀ ਭਾਲ ਕੀਤੀ ਪਰ ਔਰਤ ਦਾ ਕੋਈ ਸੁਰਾਗ ਨਾ ਲੱਗਣ 'ਤੇ ਲੁਧਿਆਣਾ ਪੁਲਸ 'ਚ ਅਗਵਾ ਦਾ ਕੇਸ ਦਰਜ ਕਰਾਇਆ। ਪੁਲਸ ਭਾਲ 'ਚ ਜੁਟੀ ਸੀ ਕਿ ਇਸ ਦੌਰਾਨ ਪਰਿਵਾਰ ਦੇ ਹੱਥ ਇਕ ਅਜਿਹੀ ਚੀਜ਼ ਲੱਗੀ, ਜਿਸ ਨੇ ਹੈਰਾਨੀ 'ਚ ਪਾ ਦਿੱਤਾ। ਪਰਿਵਾਰ ਨੂੰ ਫੇਸਬੁੱਕ ਫਰੈਂਡ ਬਾਰੇ ਜਾਣਕਾਰੀ ਹਾਸਲ ਹੋਈ। ਪਰਿਵਾਰ ਮੁਤਾਬਕ ਦੋਸ਼ੀ ਵਿਅਕਤੀ ਨੇ ਫੇਸਬੁੱਕ 'ਤੇ ਆਪਣਾ ਪਤਾ ਗਲਤ ਲਿਖਿਆ ਹੋਇਆ ਸੀ। ਪੁਲਸ ਆਈ. ਪੀ. ਐਡਰੈੱਸ ਟਰੇਸ ਕਰ ਕੇ ਦੋਸ਼ੀ ਤਕ ਪੁੱਜੀ ਤਾਂ ਉਹ ਦਿੱਲੀ 'ਚ ਝਾੜੂ-ਪੋਚਾ ਲਾਉਣ ਵਾਲੀ ਔਰਤ ਦਾ ਬੇਟਾ ਨਿਕਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਪੂਰੇ ਜਾਲ ਨੂੰ ਬੁਣਨ ਪਿੱਛੇ 3 ਵਿਅਕਤੀਆਂ ਦਾ ਹੱਥ ਹੈ। ਇਕ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।


author

Tanu

Content Editor

Related News