ਖਾਣ-ਪੀਣ ਤੋਂ ਅਸਮਰੱਥ ਦਿਵਿਆਂਗ ਧੀ ਲਈ ਮਜ਼ਦੂਰ ਨੇ ਬਣਾ ਦਿੱਤਾ 'ਮਾਂ ਰੋਬੋਟ'
Monday, Sep 26, 2022 - 10:46 AM (IST)
ਪਣਜੀ (ਭਾਸ਼ਾ)- ਆਪਣੀ ਦਿਵਿਆਂਗ ਧੀ ਨੂੰ ਖਾਣਾ ਖੁਆਉਣ ’ਚ ਸਮਰੱਥ ਨਹੀਂ ਹੋਣ ਨਾਲ ਪਰੇਸ਼ਾਨ ਗੋਆ ਦੇ ਇਕ ਦਿਹਾੜੀਦਾਰ ਮਜ਼ਦੂਰ ਨੇ ਧੀ ਦੀ ਮਦਦ ਲਈ ਇਕ ਰੋਬੋਟ ਤਿਆਰ ਕੀਤਾ ਹੈ। ਗੋਆ ਸਟੇਟ ਇਨੋਵੇਸ਼ਨ ਕੌਂਸਲ ਨੇ ਮਜ਼ਦੂਰ ਬਿਪਿਨ ਕਦਮ ਦੀ ਇਸ ਕਾਢ ਦੀ ਸ਼ਲਾਘਾ ਕੀਤੀ ਹੈ, ਜਿਸ ਦਾ ਨਾਂ ਉਨ੍ਹਾਂ ਨੇ ‘ਮਾਂ ਰੋਬੋਟ’ ਰੱਖਿਆ ਹੈ। ਸਟੇਟ ਇਨੋਵੇਸ਼ਨ ਕੌਂਸਲ ਬਿਪਿਨ ਨੂੰ ਇਸ ਰੋਬੋਟ ’ਤੇ ਹੋਰ ਕੰਮ ਕਰਨ ਅਤੇ ਇਸ ਦੀ ਵਪਾਰਕ ਵਿਹਾਰਕਤਾ ਦਾ ਪਤਾ ਲਗਾਉਣ ਲਈ ਵਿੱਤੀ ਸਹਾਇਤਾ ਮਹੱਈਆ ਕਰਵਾ ਰਹੀ ਹੈ। ਰੋਬੋਟ ਦੇ ਸਰੀਰ ’ਚ ਬਣੀ ਇਕ ਪਲੇਟ ’ਚ ਖਾਣਾ ਰੱਖ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਦਿਵਿਆਂਗ ਕੁੜੀ ਰੋਬੋਟ ਨੂੰ ‘ਵੋਇਸ ਕਮਾਂਡ’ ਯਾਨੀ ਨਿਰਦੇਸ਼ ਦਿੰਦੀ ਹੈ, ਜਿਸ ਦਾ ਮਤਲਬ ਹੈ ਕਿ ਉਹ ਕੀ ਖਾਣਾ ਚਾਹੁੰਦੀ ਹੈ।
40 ਸਾਲਾ ਬਿਪਿਨ ਕਦਮ ਪੇਸ਼ੇ ਤੋਂ ਦਿਹਾੜੀਦਾਰ ਮਜ਼ਦੂਰ ਹੈ ਅਤੇ ਦੱਖਣੀ ਗੋਆ ਦੇ ਪੋਂਡਾ ਤਾਲੁਕਾ ਦੇ ਬੇਥੋਰਾ ਪਿੰਡ ਦਾ ਨਿਵਾਸੀ ਹੈ। ਉਸ ਨੇ ਦੱਸਿਆ ਕਿ ਮੇਰੀ 14 ਸਾਲ ਦੀ ਧੀ ਦਿਵਿਆਂਗ ਹੈ ਅਤੇ ਉਹ ਖੁਦ ਖਾਣਾ ਨਹੀਂ ਖਾ ਸਕਦੀ ਹੈ। ਇਸ ਲਈ ਉਹ ਪੂਰੀ ਤਰ੍ਹਾਂ ਆਪਣੀ ਮਾਂ ’ਤੇ ਨਿਰਭਰ ਸੀ। ਉਸ ਨੇ ਦੱਸਿਆ ਕਿ ਲਗਭਗ 2 ਸਾਲਾਂ ਤੋਂ ਮੇਰੀ ਪਤਨੀ ਬੀਮਾਰੀ ਕਾਰਨ ਬਿਸਤਰ ’ਤੇ ਹੈ। ਉਹ ਸਾਡੀ ਧੀ ਨੂੰ ਖਾਣਾ ਨਹੀਂ ਖੁਆ ਸਕਦੀ, ਇਸ ਲਈ ਉਹ ਉਦਾਸ ਸੀ। ਮੈਨੂੰ ਆਪਣੀ ਧੀ ਨੂੰ ਖਾਣਾ ਖੁਆਉਣ ਲਈ ਕੰਮ ਤੋਂ ਵਾਪਸ ਆਉਣਾ ਪੈਂਦਾ ਸੀ। ਪਤਨੀ ਦੇ ਕਹਿਣੇ ’ਤੇ ਲਗਭਗ ਇਕ ਸਾਲ ਪਹਿਲਾਂ ਮੈਂ ਇਕ ਰੋਬੋਟ ਦੀ ਭਾਲ ਸ਼ੁਰੂ ਕੀਤੀ, ਜੋ ਮੇਰੀ ਧੀ ਦੀ ਭੋਜਨ ’ਚ ਮਦਦ ਕਰ ਸਕੇ। ਉਸ ਨੂੰ ਕਿਤੇ ਵੀ ਕੋਈ ਰੋਬੋਟ ਉਪਲਬਧ ਨਹੀਂ ਹੋ ਸਕਿਆ, ਇਸ ਲਈ ਉਸ ਨੇ ਇਸ ਨੂੰ ਖੁਦ ਤਿਆਰ ਕਰਨ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ : ਇਸਰੋ ਨੇ ਤਿਆਰ ਕੀਤਾ ਨਕਲੀ ਪੈਰ, 10 ਗੁਣਾ ਕਿਫਾਇਤੀ ਕੀਮਤ 'ਤੇ ਹੋਵੇਗਾ ਉਪਲਬਧ
ਕਦਮ ਨੇ ਕਿਹਾ,“ਮੈਂ ਬਿਨਾਂ ਆਰਾਮ ਦੇ 12 ਘੰਟੇ ਲਗਾਤਾਰ ਕੰਮ ਕਰਦਾ ਸੀ ਅਤੇ ਬਾਕੀ ਸਮਾਂ ਰਿਸਰਚ ਕਰਨ ਅਤੇ ਰੋਬੋਟ ਬਣਾਉਣ ਦੇ ਤਰੀਕੇ ਸਿੱਖਣ ’ਚ ਲਗਾਉਂਦਾ ਸੀ। ਮੈਂ ਲਗਾਤਾਰ 4 ਮਹੀਨੇ ਖੋਜ ਕੀਤੀ ਅਤੇ ਫਿਰ ਇਸ ਰੋਬੋਟ ਨੂੰ ਬਣਾਇਆ। ਹੁਣ ਜਦੋਂ ਮੈਂ ਕੰਮ ਤੋਂ ਵਾਪਸ ਆਉਂਦਾ ਹਾਂ ਅਤੇ ਆਪਣੀ ਧੀ ਨੂੰ ਮੁਸਕਰਾਉਂਦੀ ਹੋਇਆ ਦੇਖਦਾ ਹਾਂ ਤਾਂ ਮੇਰਾ ਦਿਲ ਖੁਸ਼ ਹੋ ਜਾਂਦਾ ਹੈ। ਉਸ ਨੇ ਕਿਹਾ,‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਤਮ-ਨਿਰਭਰ ਭਾਰਤ ਨੂੰ ਅੱਗੇ ਵਧਾ ਰਹੇ ਹਨ। ਇਸੇ ਤਰ੍ਹਾਂ, ਮੈਂ ਆਪਣੇ ਬੱਚੇ ਨੂੰ ਆਤਮ-ਨਿਰਭਰ ਬਣਾਉਣਾ ਚਾਹੁੰਦਾ ਸੀ ਅਤੇ ਕਿਸੇ ’ਤੇ ਨਿਰਭਰ ਨਹੀਂ ਹੋਣਾ ਚਾਹੁੰਦਾ ਸੀ। ਕਦਮ ਨੇ ਕਿਹਾ,‘‘ਮੈਂ ਦੁਨੀਆ ਭਰ ਦੇ ਬੱਚਿਆਂ ਲਈ ਵੀ ਇਸੇ ਤਰ੍ਹਾਂ ਦੇ ਰੋਬੋਟ ਬਣਾਉਣਾ ਚਾਹੁੰਦਾ ਹਾਂ।’’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ