ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਸਾਂਖਲੀ ਤੋਂ ਜਿੱਤੇ, ਉਤਪਲ ਪਾਰੀਕਰ ਪਣਜੀ ਤੋਂ ਹਾਰੇ
Thursday, Mar 10, 2022 - 03:00 PM (IST)
ਪਣਜੀ (ਭਾਸ਼ਾ)- ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਵੀਰਵਾਰ ਨੂੰ ਆਪਣੀ ਰਵਾਇਤੀ ਸਾਂਖਲੀ ਵਿਧਾਨ ਸਭਾ ਸੀਟ ਤੋਂ ਚੋਣਾਂ ਜਿੱਤ ਗਏ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਤੱਟਵਰਤੀ ਸੂਬੇ 'ਚ ਭਾਜਪਾ ਦੀ ਸਰਕਾਰ ਬਣੇਗੀ। ਉਨ੍ਹਾਂ ਇਹ ਵੀ ਕਿਹਾ ਕਿ ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ (ਐੱਮ.ਜੀ.ਪੀ.) 40 ਮੈਂਬਰੀ ਵਿਧਾਨ ਸਭਾ 'ਚ ਬਹੁਮਤ ਦੇ ਅੰਕੜੇ 'ਤੇ ਪਹੁੰਚਣ ਲਈ ਭਾਜਪਾ ਨੂੰ ਸਮਰਥਣ ਦੇਣ ਲਈ ਉਸ ਦੇ ਸੰਪਰਕ 'ਚ ਹੈ। ਵੋਟਾਂ ਦੀ ਗਿਣਤੀ ਤਾਜ਼ਾ ਰੁਝਾਨਾਂ ਅਨੁਸਾਰ, ਭਾਜਪਾ 19 ਸੀਟਾਂ 'ਤੇ, ਕਾਂਗਰਸ 11 'ਤੇ ਜਦੋਂ ਕਿ ਐੱਮ.ਜੀ.ਪੀ. ਅਤੇ ਆਜ਼ਾਦ 3-3 ਸੀਟਾਂ 'ਤੇ ਅੱਗੇ ਚੱਲ ਰਹੇ ਹਨ। ਸ਼ੁਰੂਆਤੀ ਪੜਾਵਾਂ 'ਚ ਪਿਛੜਨ ਤੋਂ ਬਾਅਦ ਸਾਵੰਤ ਕਰੀਬ 1000 ਵੋਟਾਂ ਨਾਲ ਸਾਂਖਲੀ ਸੀਟ 'ਤੇ ਮੁੜ ਤੋਂ ਜਿੱਤ ਦਰਜ ਕਰਨ 'ਚ ਕਾਮਯਾਬ ਰਹੇ।
ਉਨ੍ਹਾਂ ਕਿਹਾ,''ਅਸੀਂ 20 ਤੋਂ ਵਧ ਸੀਟਾਂ ਜਿੱਤਣਗੇ। ਜੇਕਰ ਜ਼ਰੂਰਤ ਪਈ ਤਾਂ ਆਜ਼ਾਦ ਅਤੇ ਐੱਮ.ਜੀ.ਪੀ. ਹਨ, ਜੋ ਸਾਡੇ ਸੰਪਰਕ 'ਚ ਹਨ।'' ਸਾਵੰਤ ਨੇ ਇਹ ਵੀ ਕਿਹਾ ਕਿ ਜਿੱਤ ਦਾ ਅੰਤਰ ਘੱਟ ਹੋਣਾ ਯਕੀਨੀ ਤੌਰ 'ਤੇ ਚਿੰਤਾ ਦੀ ਗੱਲ ਹੈ ਅਤੇ ਉਹ ਇਸ ਦਾ ਆਤਮ ਨਿਰੀਖਣ ਕਰਨਗੇ। ਸਾਵੰਤ ਨੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ 2000 ਤੋਂ ਵਧ ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ ਸੀ। ਉੱਥੇ ਹੀ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਪੁੱਤਰ ਅਤੇ ਆਜ਼ਾਦ ਉਮੀਦਵਾਰ ਉਤਪਲ ਪਾਰੀਕਰ ਪਣਜੀ ਵਿਧਾਨ ਸਭਾ ਸੀਟ 'ਤੇ ਭਾਜਪਾ ਦੇ ਆਤਾਨਾਸੀਓ ਮੋਨਸੇਰਾਤ ਤੋਂ ਹਾਰ ਗਏ ਹਨ।