ਗੋਆ ਮੈਰਾਥਨ : ਡੈਂਟਲ ਸਰਜਨ ਦੀ 21 ਮੀਲ ਦੀ ਦੌੜ ਪੂਰੀ ਕਰਨ ਤੋਂ ਬਾਅਦ ਘਰ ’ਚ ਮੌਤ
Friday, Dec 13, 2024 - 12:31 AM (IST)
ਪਣਜੀ, (ਭਾਸ਼ਾ)- ਗੋਆ ਵਿਚ ਮੈਰਾਥਨ ਪੂਰੀ ਕਰਨ ਤੋਂ ਬਾਅਦ ਇਕ 29 ਸਾਲਾ ਡੈਂਟਲ ਸਰਜਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਦੇ ਪਿਤਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਖਣੀ ਗੋਆ ਦੇ ਵਾਸਕੋ ਸ਼ਹਿਰ ਦੇ ਡਾਕਟਰ ਮਿਥੁਨ ਕੁਡਲਕਰ ਦੀ ਐਤਵਾਰ ਨੂੰ ਮੌਤ ਹੋ ਗਈ।
ਉਸ ਦੇ ਪਿਤਾ ਡਾਕਟਰ ਗਿਆਨੇਸ਼ਵਰ ਕੁਡਾਲਕਰ ਨੇ ਇਹ ਜਾਣਕਾਰੀ ਦਿੱਤੀ। ਗਿਆਨੇਸ਼ਵਰ ਮਡਗਾਓਂ ਪੋਰਟ ਟਰੱਸਟ ਹਸਪਤਾਲ ਦੇ ਸਾਬਕਾ ਚੀਫ ਮੈਡੀਕਲ ਅਫਸਰ ਹਨ। ਗਿਆਨੇਸ਼ਵਰ ਨੇ ਕਿਹਾ, ‘ਉਹ ਐਤਵਾਰ ਨੂੰ ਗੋਆ ਰਿਵਰ ਮੈਰਾਥਨ ’ਚ ਹਿੱਸਾ ਲੈਣ ਤੋਂ ਬਾਅਦ ਬੇਚੈਨੀ ਮਹਿਸੂਸ ਕਰ ਰਿਹਾ ਸੀ। 21 ਮੀਲ ਦੀ ਦੌੜ ਪੂਰੀ ਕਰਨ ਤੋਂ ਬਾਅਦ ਘਰ ’ਚ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਮਿਥੁਨ ਉਸ ਦਿਨ ਦੌੜ ’ਚ ਹਿੱਸਾ ਲੈਣ ਲਈ ਤੜਕੇ 3:30 ਵਜੇ ਘਰੋਂ ਨਿਕਲਿਆ ਸੀ। ਉਹ ਮੰਗਲੁਰੂ ਸਮੇਤ ਕਈ ਸ਼ਹਿਰਾਂ ’ਚ ਅਜਿਹੇ ਮੁਕਾਬਲਿਆਂ ’ਚ ਹਿੱਸਾ ਲੈ ਚੁੱਕਾ ਸੀ।