ਕੁੜੀਆਂ ਨੂੰ ਮਿਲਣੇ ਚਾਹੀਦੇ ਹਨ ਸਮਾਨ ਮੌਕੇ, ਸਿਰਫ਼ ਨਾਅਰੇ ਲਗਾਉਣ ਨਾਲ ਨਹੀਂ ਆ ਸਕਦੀ ਤਬਦੀਲੀ : ਖੜਗੇ

Friday, Oct 11, 2024 - 11:37 AM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੁੜੀਆਂ ਨੂੰ ਅਗਵਾਈ ਕਰਨ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਵਿਚ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਖੜਗੇ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ਼ ਨਾਅਰੇਬਾਜ਼ੀ ਨਾਲ ਅਸਲ ਤਬਦੀਲੀ ਨਹੀਂ ਆ ਸਕਦੀ। ਉਨ੍ਹਾਂ ਨੇ ਅੰਤਰਰਾਸ਼ਟਰੀ ਬਾਲਿਕਾ ਦਿਵਸ ਦੇ ਮੌਕੇ 'ਤੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਵਿਕਾਸ ਨੂੰ ਪ੍ਰਾਪਤ ਕਰਨ ਲਈ ਲਿੰਗ ਸਮਾਨਤਾ ਅਤੇ ਨਿਆਂ ਜ਼ਰੂਰੀ ਹਨ।'' ਖੜਗੇ ਨੇ ਕਿਹਾ,"ਇਸ ਸਾਲ ਦੀ ਥੀਮ 'ਭਵਿੱਖ ਲਈ ਕੁੜੀਆਂ ਦਾ ਵਿਜ਼ਨ' ਹੈ, ਜੋ ਕਿ ਫੌਰੀ ਕਾਰਵਾਈ ਦੀ ਲੋੜ ਨੂੰ ਦਰਸਾਉਂਦੀ ਹੈ ਅਤੇ ਭਵਿੱਖ ਲਈ ਕੁੜੀਆਂ ਦੀ ਆਵਾਜ਼ ਅਤੇ ਦ੍ਰਿਸ਼ਟੀ ਦੀ ਲਗਾਤਾਰ ਉਮੀਦ ਨੂੰ ਦਰਸਾਉਂਦੀ ਹੈ।" ਕਾਂਗਰਸ ਪ੍ਰਧਾਨ ਨੇ ਕਿਹਾ,''ਸਾਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਕੁੜੀਆਂ ਨੂੰ ਤਬਦੀਲੀ ਦੀ ਮੋਹਰੀ ਲਾਈਨ 'ਚ ਰੱਖ ਕੇ, ਉਨ੍ਹਾਂ ਦੀ ਆਵਾਜ਼ ਨੂੰ ਬੁਲੰਦ ਕਰ ਕੇ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖ ਕੇ ਅਤੇ ਫ਼ੈਸਲੇ ਲੈਣ ਦੀ ਪ੍ਰਕਿਰਿਆ 'ਚ ਸ਼ਾਮਲ ਕਰ ਕੇ ਉਨ੍ਹਾਂ ਦੀ ਅਗਵਾਈ ਦਾ ਸਮਾਨ ਮੌਕਾ ਮਿਲ ਸਕੇ।''

PunjabKesari

ਉਨ੍ਹਾਂ ਕਿਹਾ ਕਿ ਸਿਰਫ਼ ਨਾਅਰੇਬਾਜ਼ੀ ਨਾਲ ਅਸਲ ਤਬਦੀਲੀ ਨਹੀਂ ਆ ਸਕਦੀ। ਖੜਗੇ ਨੇ ਕਿਹਾ ਕਿ ਕੁੜੀਆਂ ਨੂੰ ਸੁਣਨਾ ਅਤੇ ਸਾਬਿਤ ਹੋਏ ਹੱਲਾਂ 'ਚ ਨਿਵੇਸ਼ ਕਰਨਾ ਮਹੱਤਵਪੂਰਨ ਹੈ, ਜਿਸ ਨਾਲ ਭਵਿੱਖ ਦੀ ਤਰੱਕੀ 'ਚ ਤੇਜ਼ੀ ਆਏਗੀ ਅਤੇ ਇਸ ਨਾਲ ਹਰ ਕੁੜੀ ਆਪਣੀ ਸਮਰੱਥਾ ਦਾ ਪੂਰਾ ਉਪਯੋਗ ਕਰ ਸਕੇਗੀ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 19 ਦਸੰਬਰ 2011 ਨੂੰ ਕੁੜੀਆਂ ਦੇ ਅਧਿਕਾਰਾਂ ਅਤੇ ਉਨ੍ਹਾਂ ਨੂੰ ਦੁਨੀਆ ਭਰ 'ਚ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਵਿਸ਼ੇਸ਼ ਚੁਣੌਤੀਆਂ ਨੂੰ ਮਾਨਤਾ ਦੇਣ ਲਈ 11 ਅਕਤੂਬਰ ਨੂੰ ਅੰਤਰਰਾਸ਼ਟਰੀ ਬਾਲਿਕਾ ਦਿਵਸ ਮਨਾਏ ਜਾਣ ਦਾ ਪ੍ਰਸਤਾਵ ਪਾਸ ਕੀਤਾ ਸੀ। ਅੰਤਰਰਾਸ਼ਟਰੀ ਬਾਲਿਕਾ ਦਿਵਸ ਦਾ ਮਕਸਦ ਕੁੜੀਆਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਹੱਲ ਕਰਨ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਅਤੇ ਮਨੁੱਖੀ ਅਧਿਕਾਰਾਂ ਨੂੰ ਪੂਰਾ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News