"ਇਹ ਮੇਰਾ ਆਸ਼ਿਕ ਹੈ...!" ਪ੍ਰੇਮੀ ਦੇ ਵਿਆਹ 'ਚ ਪਹੁੰਚ ਗਈ ਪ੍ਰੇਮਿਕਾ, ਦਿਖਾਈਆਂ ਅਜਿਹੀਆਂ ਤਸਵੀਰਾਂ ਕਿ...
Saturday, Mar 14, 2026 - 07:10 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਪਿੰਡ ਨਿਵਾੜਾ ਵਿੱਚ ਇੱਕ ਵਿਆਹ ਸਮਾਗਮ ਉਸ ਸਮੇਂ ਹੰਗਾਮੇ ਵਿੱਚ ਬਦਲ ਗਿਆ, ਜਦੋਂ ਮੰਡਪ ਵਿੱਚ ਬੈਠੇ ਲਾੜੇ ਦੇ ਸਾਹਮਣੇ ਉਸਦੀ ਕਥਿਤ ਪ੍ਰੇਮਿਕਾ ਪਹੁੰਚ ਗਈ।
ਮੁਜ਼ੱਫਰਨਗਰ ਤੋਂ ਲਾੜਾ 'ਵੰਸ਼' ਸਹਿਰਾ ਸਜਾ ਕੇ ਬਰਾਤ ਲੈ ਕੇ ਪਹੁੰਚਿਆ ਸੀ ਅਤੇ ਲੜਕੀ ਪੱਖ ਵੱਲੋਂ ਬਰਾਤੀਆਂ ਦਾ ਨੱਚ-ਗਾ ਕੇ ਜ਼ੋਰਦਾਰ ਸਵਾਗਤ ਕੀਤਾ ਗਿਆ ਸੀ। ਸ਼ੁਰੂਆਤੀ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਜਦੋਂ ਲਾੜਾ ਮੰਡਪ ਵਿੱਚ ਬੈਠ ਕੇ ਦੁਲਹਨ ਦਾ ਇੰਤਜ਼ਾਰ ਕਰ ਰਿਹਾ ਸੀ, ਤਾਂ ਅਚਾਨਕ ਇੱਕ ਨੌਜਵਾਨ ਲੜਕੀ ਉੱਥੇ ਧਮਕ ਪਈ।
ਪ੍ਰੇਮਿਕਾ ਨੇ ਸਾਰਿਆਂ ਦੇ ਸਾਹਮਣੇ ਲਾੜੇ ਨਾਲ ਆਪਣੇ ਸੱਤ ਸਾਲ ਪੁਰਾਣੇ ਰਿਸ਼ਤੇ ਦਾ ਦਾਅਵਾ ਕਰਦਿਆਂ ਹੰਗਾਮਾ ਕਰ ਦਿੱਤਾ। ਆਪਣੀ ਗੱਲ ਨੂੰ ਸਾਬਤ ਕਰਨ ਲਈ ਉਸਨੇ ਕੁਝ ਨਿੱਜੀ ਤਸਵੀਰਾਂ ਵੀ ਦਿਖਾਈਆਂ, ਜਿਨ੍ਹਾਂ ਨੂੰ ਦੇਖ ਕੇ ਦੁਲਹਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ 7 ਸਾਲ ਦੇ ਇਸ਼ਕ ਨੇ ਹੋਣ ਵਾਲੇ 7 ਫੇਰਿਆਂ ਵਿੱਚ ਅਜਿਹਾ ਵਿਘਨ ਪਾਇਆ ਕਿ ਦੁਲਹਨ ਨੇ ਤੁਰੰਤ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
ਮੰਡਪ ਵਿੱਚ ਹੋਏ ਇਸ ਹੰਗਾਮੇ ਅਤੇ ਦੋਸ਼ਾਂ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਦੁਲਹਨ ਵੱਲੋਂ ਵਿਆਹ ਤੋਂ ਨਾਂਹ ਕਰਨ ਤੋਂ ਬਾਅਦ ਕਾਫੀ ਬਹਿਸਬਾਜ਼ੀ ਹੋਈ ਅਤੇ ਅੰਤ ਵਿੱਚ ਲਾੜੇ ਨੂੰ ਆਪਣੀ ਬਰਾਤ ਸਮੇਤ ਖਾਲੀ ਹੱਥ ਵਾਪਸ ਪਰਤਣਾ ਪਿਆ।
