ਗ੍ਰੇਟਰ ਨੋਇਡਾ ’ਚ ਕਿਰਾਏ ਦੇ ਕਮਰੇ ’ਚੋਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਬਰਾਮਦ
Friday, Apr 24, 2026 - 12:40 AM (IST)
ਨੋਇਡਾ, (ਭਾਸ਼ਾ)- ਗ੍ਰੇਟਰ ਨੋਇਡਾ ’ਚ ਕਿਰਾਏ ਦੇ ਇਕ ਕਮਰੇ ’ਚ ਇਕੱਠੇ ਰਹਿ ਰਹੇ ਪ੍ਰੇਮੀ ਜੋੜਾ ਸ਼ੱਕੀ ਹਾਲਾਤ ’ਚ ਮ੍ਰਿਤਕ ਮਿਲਿਆ। ਪੁਲਸ ਅਨੁਸਾਰ ਪਹਿਲੀ ਨਜ਼ਰੇ ਇਹ ਮਾਮਲਾ ਕਤਲ ਤੋਂ ਬਾਅਦ ਖੁਦਕੁਸ਼ੀ ਦਾ ਜਾਪ ਰਿਹਾ ਹੈ। ਪੁਲਸ ਅਨੁਸਾਰ, ਗੁੱਡੂ ਪਾਸਵਾਨ ਉਰਫ਼ ਗੋਲੂ (27) ਦੀ ਲਾਸ਼ ਕਮਰੇ ’ਚ ਪੱਖੇ ਨਾਲ ਲਟਕਦੀ ਹੋਈ ਮਿਲੀ, ਜਦਕਿ ਜਿਓਤੀ (24) ਦੀ ਲਾਸ਼ ਫਰਸ਼ ’ਤੇ ਪਈ ਮਿਲੀ। ਦੋਵੇਂ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲੇ ਦੇ ਨਿਵਾਸੀ ਦੱਸੇ ਗਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ ਨੌਲੇਜ ਪਾਰਕ ਥਾਣਾ ਖੇਤਰ ’ਚ ਘਟਨਾ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਮੁਢਲੀ ਜਾਣਕਾਰੀ ਅਨੁਸਾਰ, ਮੁਟਿਆਰ ਇਕ ਹਸਪਤਾਲ ’ਚ ਹਾਊਸਕੀਪਿੰਗ ਦਾ ਕੰਮ ਕਰਦੀ ਸੀ, ਜਦਕਿ ਨੌਜਵਾਨ ਬੇਰੁਜ਼ਗਾਰ ਸੀ। ਪੁਲਸ ਨੇ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਮੁਤਾਬਕ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚ ਚੁੱਕੇ ਹਨ ਅਤੇ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
