12 ਸਾਲਾ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ, 9 ਮਹੀਨੇ ਪਹਿਲਾਂ ਹੋਇਆ ਸੀ ਜਬਰ ਜ਼ਿਨਾਹ

Tuesday, Dec 29, 2020 - 06:33 PM (IST)

12 ਸਾਲਾ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ, 9 ਮਹੀਨੇ ਪਹਿਲਾਂ ਹੋਇਆ ਸੀ ਜਬਰ ਜ਼ਿਨਾਹ

ਜੋਧਪੁਰ- ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ 'ਚ 12 ਸਾਲਾ ਬੱਚੀ ਵਲੋਂ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਨਾਲ ਕੀ ਹੋਇਆ ਸੀ। ਪਰਿਵਾਰ ਦੀ ਰਿਪੋਰਟ 'ਤੇ 9 ਮਹੀਨੇ ਪਹਿਲਾਂ ਉਸ ਨਾਲ ਜਬਰ ਜ਼ਿਨਾਹ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਨਾਬਾਲਗ ਬੱਚੀ ਦੇ ਪਿਓ ਦੀ ਮੌਤ 2 ਸਾਲ ਪਹਿਲਾਂ ਹੀ ਹੋ ਚੁਕੀ ਹੈ। ਪੀੜਤਾ 6ਵੀਂ ਜਮਾਤ ਦੀ ਵਿਦਿਆਰਥਣ ਹੈ। ਕਰੀਬ 9 ਮਹੀਨੇ ਪਹਿਲਾਂ ਉਸ ਦੇ ਗੁਆਂਢ 'ਚ ਰਹਿਣ ਵਾਲੇ 30 ਸਾਲ ਦੇ ਅਰਵਿੰਦ ਮੇਘਵਾਲ ਨੇ ਮੋਬਾਇਲ ਦਿਖਾਉਣ ਦੇ ਬਹਾਨੇ ਉਸ ਨਾਲ ਜਬਰ ਜ਼ਿਨਾਹ ਕੀਤਾ ਅਤੇ ਉਸ ਤੋਂ ਬਾਅਦ ਛੱਡ ਦਿੱਤਾ। ਪੀੜਤਾ ਨੇ ਡਰ ਦੇ ਮਾਰੇ ਪਰਿਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ। ਐਤਵਾਰ ਨੂੰ ਉਸ ਦੀ ਸਿਹਤ ਵਿਗੜੀ ਤਾਂ ਪਰਿਵਾਰ ਵਾਲੇ ਸਥਾਨਕ ਹਸਪਤਾਲ ਲੈ ਕੇ ਗਏ, ਜਿੱਥੇ ਉਸ ਦੇ ਗਰਭਵਤੀ ਹੋਣ ਦੀ ਜਾਣਕਾਰੀ ਸਾਹਮਣੇ ਆਈ। ਇਸ ਤੋਂ ਬਾਅਦ ਪੀੜਤਾ ਨੂੰ ਉਮੇਦ ਹਸਪਤਾਲ ਰੈਫਰ ਕੀਤਾ ਗਿਆ, ਜਿੱਥੇ ਉਸ ਨੇ ਬੱਚੇ ਨੂੰ ਜਨਮ ਦਿੱਤਾ।

ਇਸ ਡਿਲਿਵਰੀ ਤੋਂ ਬਾਅਦ ਪੀੜਤਾ ਅਤੇ ਉਸ ਦੇ ਪਰਿਵਾਰ ਵਾਲੇ ਸਦਮੇ 'ਚ ਹਨ। ਹਸਪਤਾਲ ਪ੍ਰਸ਼ਾਸਨ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਹਸਪਤਾਲ ਪੁੱਜੀ ਪੁਲਸ ਨੂੰ ਪਰਿਵਾਰ ਵਾਲਿਆਂ ਨੇ ਲਿਖਤੀ ਰਿਪੋਰਟ ਦੇ ਕੇ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ। ਪੁਲਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਅਨੁਸਾਰ ਦੋਸ਼ੀ ਵਿਰੁੱਧ ਆਈ.ਪੀ.ਸੀ. ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਭੋਪਾਲਗੜ੍ਹ ਧਰਮੇਂਦਰ ਡੂਕੀਆ ਕਰ ਰਹੇ ਹਨ।


author

DIsha

Content Editor

Related News