ਸਰਦੀਆਂ ’ਚ ਗਾਜ਼ੀਆਬਾਦ ਰਿਹਾ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਨੋਇਡਾ ਦੂਜੇ ਅਤੇ ਦਿੱਲੀ ਤੀਜੇ ਨੰਬਰ ’ਤੇ
Friday, Mar 06, 2026 - 11:44 PM (IST)
ਨਵੀਂ ਦਿੱਲੀ, (ਭਾਸ਼ਾ)- ਸਾਲ 2025-26 ਦੀਆਂ ਸਰਦੀਆਂ ਦੌਰਾਨ ਗਾਜ਼ੀਆਬਾਦ ਭਾਰਤ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ, ਜਿਸ ਤੋਂ ਬਾਅਦ ਨੋਇਡਾ ਅਤੇ ਦਿੱਲੀ ਦਾ ਸਥਾਨ ਸੀ। ‘ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ’ (ਸੀ. ਆਰ. ਈ. ਏ.) ਵੱਲੋਂ ਕੀਤੇ ਗਏ ਹਵਾ ਗੁਣਵੱਤਾ ਵਿਸ਼ਲੇਸ਼ਣ ’ਚ ਇਹ ਖੁਲਾਸਾ ਕੀਤਾ ਗਿਆ ਹੈ। ਸੀ. ਆਰ. ਈ. ਏ. ਦੇ ਵਿਸ਼ਲੇਸ਼ਣ ਅਨੁਸਾਰ ਲੋੜੀਂਦੇ ਨਿਗਰਾਨੀ ਡਾਟਾ ਵਾਲੇ 238 ਭਾਰਤੀ ਸ਼ਹਿਰਾਂ ਵਿਚੋਂ ਘੱਟੋ-ਘੱਟ 204 ਸ਼ਹਿਰਾਂ ’ਚ ਸਰਦੀਆਂ ’ਚ ਪੀ. ਐੱਮ. 2.5 ਦਾ ਔਸਤ ਗਾੜ੍ਹਾਪਣ ਭਾਰਤ ਦੇ ਰਾਸ਼ਟਰੀ ਵਾਤਾਵਰਣ ਹਵਾ ਗੁਣਵੱਤਾ ਮਿਆਰਾਂ (ਐੱਨ. ਏ. ਏ. ਕਿਊ. ਐੱਸ.) ਤੋਂ ਉੱਪਰ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਦੇ 173 ਸ਼ਹਿਰਾਂ ਤੋਂ ਵੱਧ ਹੈ।
ਇਹ ਵਿਸ਼ਲੇਸ਼ਣ 1 ਅਕਤੂਬਰ, 2025 ਤੋਂ 28 ਫਰਵਰੀ, 2026 ਤੱਕ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਨਿਰੰਤਰ ਵਾਤਾਵਰਣ ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨਾਂ (ਸੀ. ਏ. ਏ. ਕਿਊ. ਐੱਮ. ਐੱਸ.) ਦੇ ਅੰਕੜਿਆਂ ’ਤੇ ਅਧਾਰਤ ਹੈ।
ਵਿਸ਼ਲੇਸ਼ਣ ’ਚ ਕਿਹਾ ਗਿਆ ਕਿ 2025-26 ਦੀਆਂ ਸਰਦੀਆਂ ਦੌਰਾਨ ਗਾਜ਼ੀਆਬਾਦ ਭਾਰਤ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ, ਜਿੱਥੇ ਪੀ. ਐੱਮ. 2.5 ਦਾ ਔਸਤ ਗਾੜ੍ਹਾਪਣ 172 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦਰਜ ਕੀਤਾ ਗਿਆ। ਨੋਇਡਾ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ, ਜਿੱਥੇ ਪੀ. ਐੱਮ. 2.5 ਦਾ ਔਸਤ ਗਾੜ੍ਹਾਪਣ 166 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਸੀ। ਦਿੱਲੀ ਤੀਜੇ ਸਥਾਨ ’ਤੇ ਰਿਹਾ, ਜਿੱਥੇ ਪੀ. ਐੱਮ. 2.5 ਦਾ ਔਸਤ ਗਾੜ੍ਹਾਪਣ 163 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦਰਜ ਕੀਤਾ ਗਿਆ।
ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ 4-4 ਸ਼ਹਿਰ 10 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚ ਸ਼ਾਮਲ ਰਹੇ, ਨਾਲ ਹੀ ਦਿੱਲੀ ਅਤੇ ਰਾਜਸਥਾਨ ਤੋਂ 1-1 ਸ਼ਹਿਰ ਵੀ ਇਸ ਸੂਚੀ ’ਚ ਸ਼ਾਮਲ ਰਿਹਾ। ਆਂਧਰਾ ਪ੍ਰਦੇਸ਼ (9 ਸ਼ਹਿਰ), ਪੰਜਾਬ (8), ਪੱਛਮੀ ਬੰਗਾਲ (7) ਅਤੇ ਗੁਜਰਾਤ (6) ’ਚ ਵੀ ਨਿਗਰਾਨੀ ਵਾਲੇ ਸਾਰੇ ਸ਼ਹਿਰਾਂ ’ਚ ਸਬੰਧਤ ਪੱਧਰ ਨਿਰਧਾਰਤ ਹੱਦ ਤੋਂ ਵੱਧ ਰਿਹਾ।
