ਬੇਸਨ ਦੇ ਗੱਟੇ ਦੀ ਸਬਜ਼ੀ ਬਣਾਉਣ ਦਾ ਸਭ ਤੋਂ ਆਸਾਨ ਅਤੇ ਸਹੀ ਤਰੀਕਾ
Wednesday, Apr 29, 2026 - 12:51 PM (IST)
ਵੈੱਬ ਡੈਸਕ- ਬੇਸਨ ਦੇ ਗੱਟੇ ਦੀ ਸਬਜ਼ੀ ਖਾਣ 'ਚ ਜਿੰਨੀ ਸੁਆਦੀ ਹੁੰਦੀ ਹੈ, ਇਸ ਨੂੰ ਬਣਾਉਣਾ ਉਨੀ ਹੀ ਇਕ ਕਲਾ ਹੈ। ਅਕਸਰ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦੇ ਗੱਟੇ ਸਖ਼ਤ ਹੋ ਜਾਂਦੇ ਹਨ ਜਾਂ ਸਬਜ਼ੀ 'ਚ ਉਹ ਸੁਆਦ ਨਹੀਂ ਆਉਂਦਾ ਜੋ ਰੈਸਟੋਰੈਂਟ 'ਚ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ 'ਸੀਕ੍ਰੇਟ' ਤਰੀਕਾ ਜਿਸ ਨਾਲ ਤੁਹਾਡੀ ਸਬਜ਼ੀ ਬਣੇਗੀ ਬਿਲਕੁਲ ਨਰਮ ਅਤੇ ਲਾਜਵਾਬ।
ਗੱਟੇ ਬਣਾਉਣ ਲਈ ਜ਼ਰੂਰੀ ਸਮੱਗਰੀ :-
- ਬੇਸਨ (1 ਕੱਪ)
- ਦਹੀਂ (2 ਚਮਚ)
- ਤੇਲ (ਮੋਇਨ ਲਈ)
- ਅਜਵਾਇਣ, ਹਲਦੀ, ਲਾਲ ਮਿਰਚ ਅਤੇ ਨਮਕ।
ਬਣਾਉਣ ਦਾ ਸਹੀ ਅਤੇ ਆਸਾਨ ਤਰੀਕਾ :-
ਗੱਟੇ ਤਿਆਰ ਕਰਨਾ (ਸਭ ਤੋਂ ਮਹੱਤਵਪੂਰਨ ਸਟੈਪ)
ਬੇਸਨ 'ਚ ਨਮਕ, ਮਿਰਚ, ਅਜਵਾਇਣ, ਥੋੜ੍ਹਾ ਤੇਲ ਅਤੇ ਦਹੀਂ ਪਾ ਕੇ ਸਖ਼ਤ ਆਟਾ ਗੁੰਨ੍ਹ ਲਓ। ਦਹੀਂ ਪਾਉਣ ਨਾਲ ਗੱਟੇ ਅੰਦਰੋਂ ਬਹੁਤ ਨਰਮ ਬਣਦੇ ਹਨ। ਹੁਣ ਇਸ ਦੀਆਂ ਲੰਬੀਆਂ ਲੋਈਆਂ ਬਣਾ ਕੇ ਉਬਲਦੇ ਪਾਣੀ 'ਚ 10-15 ਮਿੰਟ ਲਈ ਉਬਾਲੋ। ਜਦੋਂ ਗੱਟਿਆਂ ਉੱਪਰ ਛੋਟੇ-ਛੋਟੇ ਦਾਣੇ ਦਿਖਣ ਲੱਗਣ, ਤਾਂ ਸਮਝੋ ਕਿ ਉਹ ਪੱਕ ਗਏ ਹਨ।
ਮਸਾਲਾ ਤਿਆਰ ਕਰਨਾ
ਇਕ ਕੜਾਹੀ 'ਚ ਤੇਲ ਗਰਮ ਕਰਕੇ ਜੀਰਾ, ਹਿੰਗ, ਪਿਆਜ਼, ਅਦਰਕ ਅਤੇ ਲਸਣ ਦਾ ਪੇਸਟ ਭੁੰਨੋ। ਹੁਣ ਇਸ 'ਚ ਹਲਦੀ, ਧਨੀਆ ਪਾਊਡਰ ਅਤੇ ਲਾਲ ਮਿਰਚ ਪਾਓ।
ਦਹੀਂ ਵਾਲੀ ਗ੍ਰੇਵੀ
ਇਕ ਕੋਲੀ 'ਚ ਦਹੀਂ ਫੈਂਟ ਕੇ ਉਸ 'ਚ ਮਸਾਲੇ ਮਿਲਾਓ ਅਤੇ ਕੜਾਹੀ 'ਚ ਪਾ ਦਿਓ। ਇਸ ਨੂੰ ਲਗਾਤਾਰ ਹਿਲਾਓ ਜਦੋਂ ਤੱਕ ਤੇਲ ਵੱਖ ਨਾ ਹੋ ਜਾਵੇ। ਇਹੀ ਗ੍ਰੇਵੀ ਸਬਜ਼ੀ ਨੂੰ ਅਸਲੀ ਰੰਗਤ ਦਿੰਦੀ ਹੈ।
ਫਿਨਿਸ਼ਿੰਗ ਟੱਚ
ਹੁਣ ਉਬਲੇ ਹੋਏ ਗੱਟੇ ਕੱਟ ਕੇ ਗ੍ਰੇਵੀ 'ਚ ਪਾਓ ਅਤੇ ਉਹੀ ਪਾਣੀ ਵਰਤੋ ਜਿਸ 'ਚ ਗੱਟੇ ਉਬਾਲੇ ਸਨ। 5-7 ਮਿੰਟ ਪਕਾਉਣ ਤੋਂ ਬਾਅਦ ਉੱਪਰੋਂ ਗਰਮ ਮਸਾਲਾ ਅਤੇ ਹਰਾ ਧਨੀਆ ਪਾ ਕੇ ਸਰਵ ਕਰੋ।
ਖ਼ਾਸ ਟਿਪਸ :-
ਨਰਮ ਗੱਟੇ
- ਆਟਾ ਗੁੰਨ੍ਹਦੇ ਸਮੇਂ ਇੱਕ ਚੁਟਕੀ ਮਿੱਠਾ ਸੋਡਾ ਜਾਂ ਦਹੀਂ ਜ਼ਰੂਰ ਪਾਓ।
ਫਰਾਈ ਕਰਨਾ
- ਜੇਕਰ ਤੁਸੀਂ ਚਾਹੋ ਤਾਂ ਗੱਟਿਆਂ ਨੂੰ ਉਬਾਲਣ ਤੋਂ ਬਾਅਦ ਹਲਕਾ ਫਰਾਈ ਵੀ ਕਰ ਸਕਦੇ ਹੋ, ਇਸ ਨਾਲ ਸੁਆਦ ਦੁੱਗਣਾ ਹੋ ਜਾਂਦਾ ਹੈ।
