ਨੋਇਡਾ ਹਿੰਸਾ ’ਚ ‘ਪਾਕਿਸਤਾਨੀ ਸਾਜ਼ਿਸ਼’ ਦਾ ਪਰਦਾਫਾਸ਼: ਸੋਸ਼ਲ ਮੀਡੀਆ ਰਾਹੀਂ ਸਰਹੱਦ ਪਾਰ ਤੋਂ ਭੜਕਾਈ ਗਈ ਅੱਗ

Friday, Apr 17, 2026 - 12:19 AM (IST)

ਨੋਇਡਾ ਹਿੰਸਾ ’ਚ ‘ਪਾਕਿਸਤਾਨੀ ਸਾਜ਼ਿਸ਼’ ਦਾ ਪਰਦਾਫਾਸ਼: ਸੋਸ਼ਲ ਮੀਡੀਆ ਰਾਹੀਂ ਸਰਹੱਦ ਪਾਰ ਤੋਂ ਭੜਕਾਈ ਗਈ ਅੱਗ

ਨੋਇਡਾ, (ਭਾਸ਼ਾ)- ਨੋਇਡਾ ਹਿੰਸਾ ਮਾਮਲੇ ’ਚ ਪੁਲਸ ਦਾ ਦਾਅਵਾ ਹੈ ਕਿ ਜਾਂਚ ’ਚ ਪਾਕਿਸਤਾਨ ਕੁਨੈਕਸ਼ਨ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਦੇ 2 ਹੈਂਡਲਜ਼ ਤੋਂ ਗੁੰਮਰਾਹਕੁੰਨ ਪੋਸਟ ਕਰ ਕੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ। ਤਕਨੀਕੀ ਜਾਂਚ ’ਚ ਇਹ ਦੋਵੇਂ ਹੈਂਡਲ ਪਾਕਿਸਤਾਨ ਤੋਂ ਆਪ੍ਰੇਸ਼ਨ ਕਰਦੇ ਪਾਏ ਗਏ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।

ਜਾਣਕਾਰੀ ਅਨੁਸਾਰ, 13 ਅਪ੍ਰੈਲ 2026 ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਨ੍ਹਾਂ ਦੋਵਾਂ ਖਾਤਿਆਂ ਤੋਂ ਕਈ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਸਨ। ਇਨ੍ਹਾਂ ਪੋਸਟਾਂ ਦਾ ਮਕਸਦ ਲੋਕਾਂ ਵਿਚਾਲੇ ਅਸ਼ਾਂਤੀ ਫੈਲਾਉਣਾ ਅਤੇ ਕਾਨੂੰਨ ਵਿਵਸਥਾ ਨੂੰ ਖਰਾਬ ਕਰਨਾ ਦੱਸਿਆ ਗਿਆ। ਇਨ੍ਹਾਂ ਗੁੰਮਰਾਹਕੁੰਨ ਸੂਚਨਾਵਾਂ ਕਾਰਨ ਗੌਤਮਬੁੱਧ ਨਗਰ ਦੇ ਕਈ ਇਲਾਕਿਆਂ ’ਚ ਲੋਕਾਂ ਵਿਚ ਡਰ ਅਤੇ ਗੁੱਸਾ ਫੈਲ ਗਿਆ।

ਇਨ੍ਹਾਂ ਪੋਸਟਾਂ ਤੋਂ ਬਾਅਦ ਹਾਲਾਤ ਵਿਗੜਦੇ ਚਲੇ ਗਏ ਅਤੇ ਹਿੰਸਕ ਭੀੜ ਸੜਕਾਂ ’ਤੇ ਉਤਰ ਆਈ। ਭੀੜ ਨੇ ਕਈ ਥਾਵਾਂ ’ਤੇ ਪੱਥਰਬਾਜ਼ੀ ਕੀਤੀ ਅਤੇ ਮੌਕੇ ’ਤੇ ਮੌਜੂਦ ਲੋਕਾਂ ਤੇ ਹਮਲਾ ਕੀਤਾ। ਹਿੰਸਾ ਦੌਰਾਨ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਨਿੱਜੀ ਤੇ ਜਨਤਕ ਜਾਇਦਾਦ ’ਚ ਭੰਨਤੋੜ ਅਤੇ ਸਾੜਫੂਕ ਦੀਆਂ ਘਟਨਾਵਾਂ ਸਾਹਮਣੇ ਆਈਆਂ।

ਮਾਮਲੇ ਨੂੰ ਲੈ ਕੇ ਥਾਣਾ ਸੈਕਟਰ-20, ਗੌਤਮਬੁੱਧ ਨਗਰ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਨੇ ਇਸ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ’ਤੇ ਧਾਰਾ 353(1) ਅਤੇ 353(2) ਬੀ. ਐੱਨ. ਐੱਸ. ਦੇ ਤਹਿਤ ਸਰਕਾਰੀ ਕੰਮ ’ਚ ਵਿਘਨ ਪਾਉਣ ਅਤੇ ਧਾਰਾ 66 ਆਈ. ਟੀ. ਐਕਟ ਦੇ ਤਹਿਤ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।


author

Rakesh

Content Editor

Related News