ਰਾਮ ਮੰਦਰ ਦੇ ਨਿਰਮਾਣ ਲਈ ਗੌਤਮ ਗੰਭੀਰ ਦਾ ‘ਮਹਾਦਾਨ’, ਦਿੱਤੇ ਇੰਨੇ ਰੁਪਏ
Thursday, Jan 21, 2021 - 05:06 PM (IST)
ਨਵੀਂ ਦਿੱਲੀ (ਭਾਸ਼ਾ)— ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਲਈ ਇਕ ਕਰੋੜ ਰੁਪਏ ਦਾ ਦਾਨ ਦਿੱਤਾ ਹੈ। ਕ੍ਰਿਕਟਰ ਤੋਂ ਨੇਤਾ ਬਣੇ ਗੰਭੀਰ ਨੇ ਕਿਹਾ ਕਿ ਇਹ ਰਾਸ਼ੀ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰ ਨੇ ਅਯੁੱਧਿਆ ’ਚ ਰਾਮ ਮੰਦਰ ਨਿਰਮਾਣ ਲਈ ਦਿੱਤੀ ਹੈ, ਜੋ ਕਿ ਸਾਰੇ ਭਾਰਤੀਆਂ ਦਾ ਸੁਫ਼ਨਾ ਹੈ। ਲੰਬੇ ਸਮੇਂ ਤੋਂ ਚੱਲ ਰਹੇ ਇਸ ਮੁੱਦੇ ਨੂੰ ਹੁਣ ਖ਼ਤਮ ਕੀਤਾ ਗਿਆ ਹੈ। ਪੂਰਬੀ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਕਿਹਾ ਕਿ ਰਾਮ ਮੰਦਰ ਸਾਰੇ ਭਾਰਤੀਆਂ ਦਾ ਸੁਫ਼ਨਾ ਹੈ। ਇਸ ਲਈ ਮੇਰੇ ਅਤੇ ਮੇਰੇ ਪਰਿਵਾਰ ਵਲੋਂ ਇਹ ਰਕਮ ਇਕ ਛੋਟਾ ਜਿਹਾ ਯੋਗਦਾਨ ਹੈ। ਓਧਰ ਪਾਰਟੀ ਨੇਤਾਵਾਂ ਨੇ ਦੱਸਿਆ ਕਿ ਦਿੱਲੀ ਭਾਜਪਾ ਨੇ ਪੂਰੇ ਸ਼ਹਿਰ ’ਚ ਚੰਦਾ ਇਕੱਠਾ ਕਰਨ ਲਈ ਕੂਪਨ ਜਾਰੀ ਕੀਤਾ ਹੈ, ਜੋ ਕਿ 10 ਰੁਪਏ, 100 ਰੁਪਏ ਅਤੇ 1000 ਰੁਪਏ ਦਾ ਹੈ।
ਦੱਸਣਯੋਗ ਹੈ ਕਿ ਰਾਮ ਮੰਦਰ ਦੇ ਨਿਰਮਾਣ ਲਈ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ, ਵਿਸ਼ਵ ਹਿੰਦੂ ਪਰੀਸ਼ਦ ਅਤੇ ਰਾਸ਼ਟਰੀ ਸਵੈ-ਸੇਵਕ ਦੇਸ਼ ’ਚ ਧਨ ਇਕੱਠਾ ਕਰਨ ਦੀ ਮੁਹਿੰਮ ਚਲਾ ਰਹੇ ਹਨ, ਜੋ ਕਿ ਕਰੀਬ ਡੇਢ ਮਹੀਨੇ ਤੱਕ ਚੱਲੇਗੀ। ਰਾਮ ਮੰਦਰ ਨਿਰਮਾਣ ਲਈ ਚੰਦਾ ਇਕੱਠਾ ਕਰਨ ਦੀ ਮੁਹਿੰਮ ਦੀ ਸ਼ੁਰੂਆਤ 14 ਜਨਵਰੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤੀ ਹੈ। ਉਨ੍ਹਾਂ ਨੇ ਮੰਦਰ ਨਿਰਮਾਣ ਲਈ ਸਭ ਤੋਂ ਪਹਿਲਾਂ ਚੰਦਾ ਦਿੱਤਾ ਅਤੇ ਇਸ ਮੁਹਿੰਮ ਨੂੰ ਹਰੀ ਝੰਡੀ ਵਿਖਾਈ। ਉਨ੍ਹਾਂ ਨੇ ਟਰੱਸਟ ਨੂੰ 5 ਲੱਖ ਰੁਪਏ ਦਾ ਚੰਦਾ ਦਿੱਤਾ ਹੈ।