ਗੈਂਗਸਟਰ ਵਿਕਾਸ ਦੁਬੇ ਕਾਨਪੁਰ ਤੋਂ ਭੱਜ ਕੇ ਇਸ ਲਈ ਪਹੁੰਚਿਆ ਸੀ ਉਜੈਨ

7/18/2020 9:03:18 PM

ਨਵੀਂ ਦਿੱਲੀ - ਕਾਨਪੁਰ ਦੇ ਬਿਕਰੂ ਪਿੰਡ ਵਿਚ ਉੱਤਰ ਪ੍ਰਦੇਸ਼ ਦੇ 8 ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹੱਤਿਆ ਕਰਨ ਵਾਲੇ ਗੈਂਗਸਟਰ ਵਿਕਾਸ ਦੁਬੇ ਨੇ ਬਚਦੇ-ਬਚਾਉਂਦੇ ਮੱਧ ਪ੍ਰਦੇਸ਼ ਦੇ ਉਜੈਨ ਜਾ ਕੇ ਹੀ ਕਿਉਂ ਆਤਮ-ਸਮਰਪਣ ਕੀਤਾ ? ਇਸ ਦੇ ਪਿੱਛੇ ਬੜੀ ਦਿਲਚਸਪ ਕਹਾਣੀ ਸਾਹਮਣੇ ਆਈ ਹੈ। ਵਿਕਾਸ ਦੁਬੇ ਅਤੇ ਉਸ ਦੀ ਗੈਂਗ ਖਿਲਾਫ 64 ਅਪਰਾਧਿਕ ਮਾਮਲੇ ਸਨ ਅਤੇ ਯੂ. ਪੀ. ਵਿਚ ਭਾਂਵੇ ਕਿਸੇ ਦੀ ਵੀ ਸਰਕਾਰ ਆਈ-ਗਈ, ਉਸ ਦੇ ਕਾਲੇ ਕਾਰਨਾਮੇ ਵੱਧਦੇ ਰਹੇ।

ਸੱਤਾ ਵਿਚ ਆਉਣ ਤੋਂ ਬਾਅਦ ਯੋਗੀ ਸਰਕਾਰ ਨੇ ਵੀ 3 ਸਾਲ ਤੱਕ ਕੁਝ ਨਹੀਂ ਕਿਹਾ ਪਰ ਉਸ ਨੂੰ ਵੀ ਇਸ ਤਰ੍ਹਾਂ ਹੱਥ 'ਤੇ ਹੱਥ ਬੈਠੇ ਰਹਿਣ ਦੀ ਕੀਮਤ 8 ਪੁਲਸ ਕਰਮੀਆਂ ਦੀ ਜਾਨ ਨਾਲ ਚੁਕਾਉਣੀ ਪਈ। ਪਰ ਵਿਕਾਸ ਦੁਬੇ ਨੇ ਇਨਾਂ ਪੁਲਸ ਕਰਮੀਆਂ ਦੀ ਹੱਤਿਆ ਕਰਕੇ ਖੁਦ ਆਪਣੀ ਮੌਤ ਨੂੰ ਸੱਦਾ ਦੇ ਦਿੱਤਾ ਸੀ। ਕਾਰਨਾਮਾ ਕਰਨ ਤੋਂ ਬਾਅਦ ਉਹ ਅਤੇ ਉਸ ਦੀ ਗੈਂਗ ਦੇ ਕਰੀਬ 20 ਮੈਂਬਰ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜ ਗਏ। ਵਿਕਾਸ ਦੁਬੇ ਭੱਜਦੇ ਹੋਏ ਉਜੈਨ ਜਾ ਪਹੁੰਚਿਆ। ਲੱਖ ਟਕੇ ਦਾ ਸਵਾਲ ਹੈ ਕਿ ਇਸ ਗੈਂਗਸਟਰ ਨੇ ਮਹਾਕਾਲ ਦੀ ਇਸ ਨਗਰੀ ਨੂੰ ਹੀ ਕਿਉਂ ਚੁਣਿਆ ? ਇਹ ਗੱਲ ਸਾਹਮਣੇ ਆਈ ਹੈ ਕਿ ਵਿਕਾਸ ਦੁਬੇ ਨੇ ਵਿਚੌਲਿਆਂ ਦੇ ਜ਼ਰੀਏ ਮੱਧ ਪ੍ਰਦੇਸ਼ ਦੇ ਤਾਕਤਵਰ ਭਾਜਪਾ ਮੰਤਰੀ ਨਰੋਤੱਮ ਮਿਸ਼ਰਾ ਨਾਲ ਸੰਪਰਕ ਕੀਤਾ।

ਦੁਬੇ ਨੇ ਇਕ ਹੀ ਮੰਗ ਕੀਤੀ ਸੀ ਕਿ ਉਸ ਨੂੰ ਆਤਮ-ਸਮਰਪਣ ਕਰਨ ਲਈ ਇਜਾਜ਼ਤ ਦਿੱਤੀ ਜਾਵੇ ਅਤੇ ਪੁਲਸ ਉਸ ਨੂੰ ਲੈ ਕੇ ਜ਼ਿਲਾ ਮੈਜੀਸਟ੍ਰੇਟ ਦੇ ਸਾਹਮਣੇ ਆਤਮ-ਸਮਰਪਣ ਲਈ ਪੇਸ਼ ਕਰੇ। ਨਰੋਤੱਮ ਮਿਸ਼ਰਾ ਕਦੇ ਉੱਤਰ ਪ੍ਰਦੇਸ਼ ਵਿਚ ਭਾਜਪਾ ਦੇ ਇੰਚਾਰਜ ਹੋਇਆ ਕਰਦੇ ਸਨ। ਉਸ ਸਮੇਂ ਦੌਰਾਨ ਵਿਕਾਸ ਦੁਬੇ ਅਤੇ ਨਰੋਤੱਮ ਮਿਸ਼ਰਾ ਇਕ-ਦੂਜੇ ਨੂੰ ਜਾਣਨ ਲੱਗੇ ਸਨ। ਇਹ ਸੰਯੋਗ ਹੈ ਕਿ ਨਰੋਤੱਮ ਮਿਸ਼ਰਾ ਅੱਜ ਮੱਧ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਬਣ ਗਏ ਹਨ। ਮਜ਼ੇਦਾਰ ਗੱਲ ਇਹ ਹੈ ਕਿ ਹੋਰ ਜ਼ਿੰਮੇਵਾਰੀਆਂ ਤੋਂ ਇਲਾਵਾ ਨਰੋਤੱਮ ਚੌਹਾਨ ਉਜੈਨ ਜ਼ਿਲੇ ਦੇ ਇੰਚਾਰਜ ਵੀ ਹਨ। ਜਦ ਵਿਕਾਸ ਦੁਬੇ ਨੇ ਵਿਚੌਲਿਆਂ ਦੇ ਜ਼ਰੀਏ ਨਰੋਤੱਮ ਮਿਸ਼ਰਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਤੁਰੰਤ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੂੰ ਸਾਰੀ ਗੱਲ ਦੱਸ ਕੇ ਵਿਸ਼ਵਾਸ ਵਿਚ ਲਿਆ ਅਤੇ ਅੱਗੇ ਦਾ ਘਟਨਾਕ੍ਰਮ ਚੱਲ ਪਿਆ।

ਸ਼ਿਵਰਾਜ ਚੌਹਾਨ ਨੇ ਵੀ ਕਈ ਲੋਕਾਂ ਨਾਲ ਗੱਲ ਕੀਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਫੋਨ ਲਗਾਇਆ। ਯੂ. ਪੀ. ਦੇ ਮੁੱਖ ਮੰਤਰੀ ਹਰ ਹਾਲ ਵਿਚ ਵਿਕਾਸ ਦੁਬੇ ਦੀ ਧੌਂਣ ਆਪਣੇ ਹੱਥ ਵਿਚ ਚਾਹੁੰਦੇ ਸਨ। ਇਸ ਤਰ੍ਹਾਂ ਮੰਚ ਸੱਜ ਗਿਆ ਅਤੇ ਹਰ ਕਦਮ ਯੋਜਨਾ ਦੇ ਨਾਲ ਚੁੱਕਿਆ ਗਿਆ।

ਵਿਕਾਸ ਦੁਬੇ ਮਹਾਕਾਲ ਮੰਦਰ ਪਹੁੰਚਿਆ ਅਤੇ ਪੁਲਸ ਸਾਹਮਣੇ ਆਤਮ-ਸਮਰਪਣ ਕਰਕੇ ਕਿਹਾ ਕਿ ਉਸ ਨੂੰ ਮੈਜੀਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਪਰ ਵਿਕਾਸ ਦੁਬੇ ਦਾ ਕਾਲ ਆ ਚੁੱਕਿਆ ਸੀ। ਉਸ ਨੂੰ ਇਹ ਸੁਣ ਕੇ ਝਟਕਾ ਲੱਗਾ ਕਿ ਉਸ ਨੂੰ ਮੈਜੀਸਟ੍ਰੇਟ ਦੇ ਸਾਹਮਣੇ ਪੇਸ਼ ਨਹੀਂ ਕੀਤਾ ਜਾਵੇਗਾ। ਆਖਿਰ ਉਹ ਆਪਣਾ ਬਿਆਨ ਨਹੀਂ ਦਰਜ ਕਰਵਾ ਪਾਇਆ। ਵਿਕਾਸ ਦੁਬੇ ਦੀ ਉਮੀਦ ਦੇ ਉਲਟ ਮੱਧ ਪ੍ਰਦੇਸ਼ ਪੁਲਸ ਨੇ ਉਸ ਨੂੰ ਉੱਤਰ ਪ੍ਰਦੇਸ਼ ਪੁਲਸ ਨੂੰ ਸੌਂਪ ਦਿੱਤਾ ਜੋ ਉਸ ਨੂੰ ਫੜਣ ਲਈ ਰਾਤ-ਦਿਨ ਇਕ ਕਰ ਰਹੀ ਸੀ। ਹੁਣ ਤੱਕ ਲੋਕਾਂ ਦੀਆਂ ਜ਼ਿੰਦਗੀਆਂ ਦੀਆਂ ਕਥਾਵਾਂ ਲਿੱਖਣ ਵਾਲੇ ਵਿਕਾਸ ਦੁਬੇ ਦੀ ਜ਼ਿੰਦਗੀ ਦਾ ਕਲਾਈਮੈਕਸ ਕਿਸੇ ਹੋਰ ਨੇ ਲਿੱਖਿਆ ਸੀ।
 


Khushdeep Jassi

Content Editor Khushdeep Jassi