ਗੈਂਗਸਟਰ ਦੀਪਕ ''ਬਾਕਸਰ'' ਨੂੰ ਅੱਜ ਲਿਆਂਦਾ ਜਾਵੇਗਾ ਦਿੱਲੀ, ਮੈਕਸੀਕੋ ਤੋਂ ਕੀਤਾ ਗਿਆ ਸੀ ਗ੍ਰਿਫ਼ਤਾਰ
Wednesday, Apr 05, 2023 - 02:35 AM (IST)
ਨਵੀਂ ਦਿੱਲੀ (ਭਾਸ਼ਾ): ਦਿੱਲੀ ਪੁਲਸ ਦੀ ਵਿਸ਼ੇਸ਼ ਬ੍ਰਾਂਚ ਨੇ ਐੱਫ.ਬੀ.ਆਈ. ਦੀ ਮਦਦ ਨਾਲ, ਕੌਮੀ ਰਾਜਧਾਨੀ ਦੇ ਲੋੜੀਂਦੇ ਬਦਮਾਸ਼ਾਂ 'ਚੋਂ ਇਕ ਦੀਪਕ 'ਬਾਕਸਰ' ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਦੀਪਕ ਨੂੰ ਬੁੱਧਵਾਰ ਨੂੰ ਦਿੱਲੀ ਲਿਆਂਦੇ ਜਾਣ ਦੀ ਸੰਭਾਵਨਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਪੈਸ਼ਲ ਪੁਲਸ ਕਮਿਸ਼ਨਰ (ਸਪੈਸ਼ਲ ਸੈੱਲ) ਨੇ ਦੱਸਿਆ ਕਿ ਐੱਚ.ਜੀ.ਐੱਸ. ਧਾਲੀਵਾਲ ਨੇ ਦੱਸਿਆ ਕਿ ਗੈਂਗਸਟਰ ਨੇ ਅਮਰੀਕਾ ਦੇ ਰਸਤੇ ਮੈਕਸੀਕੋ ਪਹੁੰਚਣ ਲਈ ਕਈ ਰਸਤੇ ਅਪਣਾਏ। ਪਰ ਉਹ ਪੁਲਸ ਦੇ ਜਾਲ ਵਿਚ ਫੱਸ ਗਿਆ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਸੀ ਜਦੋਂ ਦਿੱਲੀ ਪੁਲਸ ਨੇ ਕਿਸੇ ਗੈਂਗਸਟਰ ਨੂੰ ਦੇਸ਼ ਤੋਂ ਬਾਹਰ ਕਿਸੇ ਮੁਹਿੰਮ ਤਹਿਤ ਗ੍ਰਿਫ਼ਤਾਰ ਕੀਤਾ ਹੋਵੇ। ਦਿੱਲੀ ਵਿਚ ਰੋਹਿਣੀ ਅਦਾਲਤ ਵਿਚ ਬਦਮਾਸ਼ ਜਤਿੰਦਰ ਮਾਨ ਉਰਫ਼ ਗੋਗੀ ਦੇ ਕਤਲ ਤੋਂ ਬਾਅਦ, ਉਹ 'ਗੋਗੀ ਗਿਰੋਹ' ਚਲਾ ਰਿਹਾ ਸੀ। ਦੋ ਹਮਲਾਵਰਾਂ ਨੇ 24 ਸਤੰਬਰ 2021 ਨੂੰ ਗੋਗੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਸ ਦੀ ਜਵਾਬੀ ਕਾਰਵਾਈ ਵਿਚ ਹਮਲਾਵਰ ਵੀ ਮਾਰੇ ਗਏ ਸਨ।
ਇਹ ਖ਼ਬਰ ਵੀ ਪੜ੍ਹੋ - ਔਰਤ ਨਾਲ ਦਰਿੰਦਗੀ, ਗੈਂਗਰੇਪ ਤੋਂ ਬਾਅਦ ਪੱਥਰ ਮਾਰ-ਮਾਰ ਕੇ ਕੀਤਾ ਕਤਲ, ਫ਼ਿਰ ਹਾਈਵੇਅ 'ਤੇ ਸੁੱਟੀ ਲਾਸ਼
ਪੁਲਸ ਨੇ ਦੀਪਕ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ 'ਤੇ 3 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਦੀਪਕ ਬਿਲਡਰ ਅਮਿਤ ਗੁਪਤਾ ਦੇ ਕਤਲ ਦੇ ਸਿਲਸਿਲੇ ਵਿਚ ਲੋੜੀਂਦਾ ਸੀ, ਜਿਸ ਦੀ ਪਿਛਲੇ ਸਾਲ 23 ਅਗਸਤ ਨੂੰ ਉੱਤਰੀ ਦਿੱਲੀ ਦੇ ਬੁਰਾੜੀ ਇਲਾਕੇ ਵਿਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੋਗੀ-ਦੀਪਕ 'ਬਾਕਸਰ' ਗਿਰੋਹ ਦੇ ਸ਼ਾਰਪ ਸ਼ੂਟਰ ਅੰਕਿਤ ਗੁਲੀਆ ਨੇ ਕਥਿਤ ਤੌਰ 'ਤੇ ਗੁਪਤਾ ਦਾ ਕਤਲ ਕੀਤਾ ਸੀ।
ਅਧਿਕਾਰੀ ਨੇ ਦੱਸਿਆ ਕਿ, "ਮੁੱਕੇਬਾਜ਼ ਉਰਫ਼ ਦੀਪਕ ਪਹਿਲ ਨੂੰ ਹੁਣ ਮੈਕਸਿਕੋ ਤੋਂ ਦਿੱਲੀ ਲਿਆਂਦਾ ਜਾ ਰਿਹਾ ਹੈ। ਉਹ ਪਹਿਲਾਂ ਹੀ ਤੁਰਕੀ ਪਹੁੰਚ ਚੁੱਕਿਆ ਹੈ ਤੇ ਉਸ ਦੇ ਬੁੱਧਵਾਰ ਤੜਕੇ ਦਿੱਲੀ ਪਹੁੰਚਣ ਦੀ ਉਮੀਦ ਹੈ।" ਪੁਲਸ ਨੇ ਦੱਸਿਆ ਕਿ ਉਸ ਦੀ ਗ੍ਰਿਫ਼ਤਾਰੀ ਕ੍ਰਾਈਮ ਬ੍ਰਾਂਚ ਤੇ ਸਪੈਸ਼ਲ ਸੈੱਲ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਪਿਛਲੇ 5 ਸਾਲਾਂ ਵਿਚ ਕਤਲ ਤੇ ਜਬਰਨ ਵਸੂਲੀ ਸਮੇਤ 10 ਸਨਸਨੀਖੇਜ਼ ਮਾਮਲਿਆਂ ਵਿਚ ਭਾਰਤ ਵਿਚ ਲੋੜੀਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।