ਜੇਲ੍ਹ ''ਚ ਬੰਦ ਗੈਂਗਸਟਰ ਅਬੂ ਸਲੇਮ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ, ਜਾਨ ਨੂੰ ਦੱਸਿਆ ਖ਼ਤਰਾ

Thursday, Jul 04, 2024 - 11:18 AM (IST)

ਮੁੰਬਈ- ਗੈਂਗਸਟਰ ਅਬੂ ਸਲੇਮ ਨੂੰ ਆਪਣੀ ਜਾਨ ਦਾ ਖ਼ਤਰਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਹੀ ਵਜ੍ਹਾ ਹੈ ਕਿ ਉਸ ਨੇ ਵਿਸ਼ੇਸ਼ ਅਦਾਲਤ 'ਚ ਨਵੀ ਮੁੰਬਈ ਦੀ ਤਲੋਜਾ ਜੇਲ੍ਹ ਤੋਂ ਨਾਸਿਕ ਸੈਂਟਰਲ ਜੇਲ੍ਹ ’ਚ ਟਰਾਂਸਫਰ ਕਰਨ ਦੇ ਆਦੇਸ਼ ਖ਼ਿਲਾਫ਼ ਪਟੀਸ਼ਨ ਦਿੱਤੀ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ। ਹੁਣ ਅਬੂ ਸਲੇਮ ਨੇ ਵਿਸ਼ੇਸ਼ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਬੰਬਈ ਹਾਈ ਕੋਰਟ ’ਚ ਅਰਜ਼ੀ ਦਾਇਰ ਕੀਤੀ ਹੈ। ਸਲੇਮ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਦਾਅਵਾ ਕੀਤਾ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਉਸ ਨੂੰ ਤਲੋਜਾ ਜੇਲ੍ਹ ਤੋਂ ਕਿਸੇ ਹੋਰ ਜੇਲ ਵਿਚ ਟਰਾਂਸਫਰ ਕਰਨ ਦਾ ਫ਼ੈਸਲਾ ਉਸ ਨੂੰ ਮਾਰਨ ਦੀ ‘ਸਾਜ਼ਿਸ਼’ ਹੈ ਕਿਉਂਕਿ ਉਸ ਦੇ ਕੁਝ ਮਹੀਨਿਆਂ ਵਿਚ ਰਿਹਾਅ ਹੋਣ ਦੀ ਸੰਭਾਵਨਾ ਹੈ।

ਅਬੂ ਸਲੇਮ ਨਵੀ ਮੁੰਬਈ ਦੀ ਤਲੋਜਾ ਜੇਲ੍ਹ 'ਚ 1993 ਦੇ ਮੁੰਬਈ ਲੜੀਵਾਰ ਧਮਾਕੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਤਲੋਜਾ ਜੇਲ੍ਹ ਉਸ ਲਈ ਬਹੁਤ ਸੁਰੱਖਿਅਤ ਰਹੀ ਹੈ। ਕਿਸੇ ਹੋਰ ਜੇਲ੍ਹ ਵਿਚ ਭੇਜੇ ਜਾਣ 'ਤੇ ਉਸ ਦੇ ਵਿਰੋਧੀ ਗਿਰੋਹ ਦੇ ਮੈਂਬਰ ਉਸ 'ਤੇ ਹਮਲਾ ਕਰ ਸਕਦੇ ਹਨ। ਬੁੱਧਵਾਰ ਨੂੰ ਸਲੇਮ ਦੀ ਪਟੀਸ਼ਨ ਜਸਟਿਸ ਏ. ਐਸ. ਗਡਕਰੀ ਅਤੇ ਨੀਲਾ ਗੋਖਲੇ ਦੀ ਡਿਵੀਜ਼ਨ ਬੈਂਚ ਦੇ ਸਾਹਮਣੇ ਰੱਖੀ ਗਈ ਸੀ। ਅਬੂ ਸਲੇਮ ਨੇ ਆਪਣੀ ਪਟੀਸ਼ਨ ਵਿਚ ਕਿਹਾ ਕਿ ਦਿੱਲੀ 'ਚ ਉਸ ਦੇ ਦੋ ਮੁਕੱਦਮੇ ਚੱਲ ਰਹੇ ਹਨ। ਕਿਸੇ ਹੋਰ ਜੇਲ੍ਹ ਵਿਚ ਟਰਾਂਸਫਰ ਕਰਨ ਕਾਰਨ ਉਸ ਦੀ ਦਿੱਲੀ ਯਾਤਰਾ ਪ੍ਰਭਾਵਿਤ ਹੋਵੇਗੀ, ਜਿਸ ਕਾਰਨ ਉਸ ਦੇ ਖਿਲਾਫ਼ ਮੁਕੱਦਮੇ ਵਿਚ ਦੇਰੀ ਹੋ ਸਕਦੀ ਹੈ। ਅਬੂ ਦੀ ਪਟੀਸ਼ਨ 'ਤੇ ਜੇਲ੍ਹ ਅਧਿਕਾਰੀਆਂ ਨੇ ਵਿਸ਼ੇਸ਼ ਅਦਾਲਤ ਨੂੰ ਦੱਸਿਆ ਸੀ ਕਿ ਉਸ ਨੂੰ ਨਾਸਿਕ ਸੈਂਟਰਲ ਜੇਲ੍ਹ ਵਿਚ ਸ਼ਿਫਟ ਕਰਨ ਦੀ ਲੋੜ ਹੈ, ਕਿਉਂਕਿ ਤਲੋਜਾ ਜੇਲ੍ਹ ਅੰਦਰ ਮੌਜੂਦ ਹਾਈ ਸਕਿਓਰਿਟੀ ਸੈੱਲ ਦੀ ਹਾਲਤ ਖਸਤਾ ਹੈ। ਹਾਲਾਂਕਿ ਸਲੇਮ ਨੇ ਤਰਕ ਦਿੱਤਾ ਸੀ ਕਿ ਉਸ ਨੂੰ ਤਲੋਜਾ ਜੇਲ੍ਹ ਅੰਦਰ ਹੀ ਕਿਸੇ ਹੋਰ ਬੈਰਕ ਵਿਚ ਸ਼ਿਫਟ ਕੀਤਾ ਜਾ ਸਕਦਾ ਹੈ।

ਅਬੂ ਸਲੇਮ ਨੂੰ 1993 ਦੇ ਮੁੰਬਈ ਲੜੀਵਾਰ ਧਮਾਕਿਆਂ ਦੇ ਮਾਮਲੇ ਵਿਚ ਜੂਨ 2017 ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ ਪੁਰਤਗਾਲ ਤੋਂ ਹਵਾਲਗੀ ਕਰ ਕੇ 11 ਨਵੰਬਰ 2005 ਨੂੰ ਭਾਰਤ ਲਿਆਂਦਾ ਗਿਆ ਸੀ। ਮਾਰਚ 2006 ਵਿਚ ਇਕ ਵਿਸ਼ੇਸ਼ ਟਾਡਾ ਅਦਾਲਤ ਨੇ ਉਸ ਨੂੰ ਅਤੇ ਉਸ ਦੇ ਸਾਥੀ ਰਿਆਜ਼ ਸਿੱਦੀਕੀ ਵਿਰੁੱਧ 8 ਦੋਸ਼ ਦਾਇਰ ਕੀਤੇ ਸਨ। ਉਸ 'ਤੇ ਹਥਿਆਰ ਵੰਡਣ ਦਾ ਵੀ ਦੋਸ਼ ਸੀ।


Tanu

Content Editor

Related News