ਹੁਣ ਰੂੜਕੀ ਤੋਂ ਦਿਸੇ ਹਿਮਾਲਿਆ ਦੇ ਬਰਫੀਲੇ ਪਹਾੜ (ਤਸਵੀਰਾਂ)
Tuesday, May 05, 2020 - 01:17 PM (IST)
ਰੂੜਕੀ-ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਸਾਰਿਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਧਰਤੀ ਨੂੰ ਸਾਫ ਹਵਾ 'ਚ ਸਾਹ ਲੈਣ ਦਾ ਮੌਕਾ ਮਿਲਿਆ ਹੈ। ਪ੍ਰਦੂਸ਼ਣ ਦਾ ਪੱਧਰ ਘੱਟ ਹੋਣ ਕਾਰਨ ਦੁਨੀਆ ਭਰ 'ਚ ਕੁਦਰਤ ਦੇ ਖੂਬਸੂਰਤ ਨਜ਼ਾਰੇ ਸਾਹਮਣੇ ਆਉਣ ਲੱਗੇ ਹਨ। ਭਾਰਤ 'ਚ ਬੀਤੇ ਦਿਨਾਂ ਤੋਂ ਵੱਖ-ਵੱਖ ਥਾਵਾਂ 'ਤੇ ਬਰਫੀਲੇ ਪਹਾੜ ਦੇਖੇ ਜਾ ਰਹੇ ਹਨ। ਦੱਸ ਦੇਈਏ ਕਿ ਭਾਰਤ 'ਚ ਸਭ ਤੋਂ ਪਹਿਲਾਂ ਪੰਜਾਬ ਸੂਬੇ ਦੇ ਜਲੰਧਰ ਜ਼ਿਲੇ ਅਤੇ ਫਿਰ ਫਿਰ ਸਹਾਰਨਪੁਰ ਤੋਂ ਹਿਮਾਲਿਆਂ ਦੀ ਚੋਟੀਆ ਅਤੇ ਸਿਲੀਗੁੜੀ ਤੋਂ ਦੁਨੀਆ ਦੀ ਤੀਜੀ ਸਭ ਤੋਂ ਉੱਚੀ ਚੋਟੀ ਕੰਚਨਜੰਗਾ ਦਿਖਾਈ ਦੇਣ ਲੱਗੀ ਹੈ। ਹੁਣ ਰੂੜਕੀ ਤੋਂ ਹਿਮਾਲਿਆ ਦੀ ਗੰਗੋਤਰੀ ਰੇਂਜ ਦੇ ਪਹਾੜ ਦਿਖਾਈ ਦੇ ਰਹੇ ਹਨ।
ਦੱਸਣਯੋਗ ਹੈ ਕਿ ਉਤਰਾਖੰਡ 'ਚ ਰੂੜਕੀ ਤੋਂ ਗੰਗੋਤਰੀ ਦੀ ਦੂਰੀ ਘੱਟ ਤੋਂ ਘੱਟ 312 ਕਿਲੋਮੀਟਰ ਹੈ। ਇਸ ਦੇ ਬਾਵਜੂਦ ਜਦੋਂ ਆਸਮਾਨ ਸਾਫ ਹੋਇਆ ਅਤੇ ਹਵਾ ਪ੍ਰਦੂਸ਼ਣ ਘੱਟ ਹੋਇਆ ਤਾਂ ਗੰਗੋਤਰੀ ਦੇ ਖੂਬਸੂਰਤ ਪਹਾੜਾਂ ਦਿਖਾਈ ਦੇਣ ਲੱਗੇ। ਹਵਾ ਪ੍ਰਦੂਸ਼ਣ ਘੱਟ ਹੋਣ ਕਾਰਨ ਰੂੜਕੀ ਤੋਂ ਹਿਮਾਲਿਆ ਦੀ ਬਰਫੀਲੀਆਂ ਚੋਟੀਆਂ ਦਿਖਾਈ ਦੇਣ ਲੱਗੀਆਂ। ਰੁੜਕੀ ਤੋਂ ਧੌਲਾਧਾਰ ਰੇਂਜ ਦਿਖਾਈ ਦੇਣ ਲੱਗੀ ਹੈ। ਇਸ ਨੂੰ ਲੈ ਕੇ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਕੋਰੋਨਾਵਾਇਰਸ ਦੀ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ 'ਚ ਲਾਕਡਾਊਨ ਜਾਰੀ ਹੈ। ਲੋਕ ਘਰਾਂ 'ਚ ਬੰਦ ਹਨ ਅਤੇ ਫੈਕਟਰੀਆਂ ਆਦਿ ਵੀ ਬੰਦ ਹਨ। ਇਸ ਕਾਰਨ ਪ੍ਰਦੂਸ਼ਣ ਦੇ ਪੱਧਰ 'ਚ ਵੀ ਪੂਰੀ ਦੁਨੀਆ 'ਚ ਭਾਰੀ ਕਮੀ ਆਈ ਹੈ, ਜਿਸ ਦੇ ਚੰਗੇ ਨਤੀਜੇ ਹੁਣ ਕੁਦਰਤ 'ਚ ਦਿਖਾਈ ਦੇਣ ਲੱਗੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਸਹਾਰਨਪੁਰ ਤੋਂ ਧੌਲਾਧਾਰ ਰੇਂਜ ਦੇ ਪਹਾੜ ਦਿਸ ਰਹੇ ਸੀ ਤਾਂ ਆਈ.ਐੱਫ.ਐੱਸ ਅਧਿਕਾਰੀ ਪ੍ਰਵੀਣ ਕਾਸਵਾਨ ਨੇ ਟਵੀਟ 'ਚ ਲਿਖਿਆ ਸੀ ਕਿ ਅਜਿਹਾ ਬਹੁਤ ਮੁਸ਼ਕਿਲ ਨਾਲ ਦੇਖਣ ਨੂੰ ਮਿਲਦਾ ਹੈ, ਜਦੋਂ ਤੁਹਾਨੂੰ ਸਹਾਰਨਪੁਰ ਤੋਂ ਬਰਫੀਲੀਆਂ ਚੋਟੀਆਂ ਨਜ਼ਰ ਆਉਣ ਲੱਗੀਆਂ। ਦੱਸ ਦੇਈਏ ਕਿ ਸਹਾਰਨਪੁਰ ਤੋਂ ਹਿਮਾਲਿਆ ਦੀਆਂ ਇਨ੍ਹਾਂ ਚੋਟੀਆਂ ਦੀ ਦੂਰੀ 150-200 ਕਿਲੋਮੀਟਰ ਹੈ। ਸਹਾਰਨਪੁਰ ਤੋਂ ਇਲਾਵਾ ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਲੋਕਾਂ ਨੂੰ ਸਿਕਿੱਮ ਸਥਿਤ ਦੁਨੀਆ ਦੀ ਤੀਜੀ ਸਭ ਤੋਂ ਉੱਚੀ ਪਰਬਤ ਚੋਟੀ ਸਾਫ ਦਿਖਾਈ ਦਿੱਤੀ ਹੈ। ਇਹ ਦੁਨੀਆ ਦੀ ਤੀਜੀ ਸਭ ਤੋਂ ਉੱਚੀ ਪਰਬਤ ਚੋਟੀ ਕੰਚਨਜੰਗਾ ਹੈ। ਸਿਲੀਗੁੜੀ ਤੋਂ ਕੰਚਨਗੰਗਾ ਦੀ ਦੂਰੀ ਲਗਭਗ 112 ਕਿਲੋਮੀਟਰ ਹੈ। ਆਮ ਦਿਨਾਂ 'ਚ ਇਹ ਨਜ਼ਾਰਾ ਨਹੀਂ ਦਿਸਦਾ ਹੈ ਪਰ ਲਾਕਡਾਊਨ ਹੋਣ ਕਾਰਨ ਪ੍ਰਦੂਸ਼ਣ ਘੱਟ ਹੋਇਆ ਹੈ, ਜਿਸ ਕਾਰਨ ਕੰਚਨਜੰਗਾ ਦੀ ਚੋਟੀ ਦਿਸਣ ਲੱਗੀ ਹੈ।
ਇਹ ਵੀ ਪੜ੍ਹੋ- ਕਰਫਿਊ ਕਾਰਨ ਘਟਿਆ ਪ੍ਰਦੂਸ਼ਣ, ਜਲੰਧਰ ਤੋਂ ਨਜ਼ਰ ਆਉਣ ਲੱਗੇ ਬਰਫ ਨਾਲ ਲੱਦੇ ਪਹਾੜ