ਸਿਰਸਾ ''ਚ ਗੈਂਗਵਾਰ: ਸਕਾਰਪੀਓ ਸਵਾਰ ਬਦਮਾਸ਼ਾਂ ਨੇ ਵਰ੍ਹਾਈਆਂ ਗੋਲੀਆਂ, 2 ਦੀ ਮੌਤ

Tuesday, Jan 17, 2023 - 11:18 AM (IST)

ਸਿਰਸਾ ''ਚ ਗੈਂਗਵਾਰ: ਸਕਾਰਪੀਓ ਸਵਾਰ ਬਦਮਾਸ਼ਾਂ ਨੇ ਵਰ੍ਹਾਈਆਂ ਗੋਲੀਆਂ, 2 ਦੀ ਮੌਤ

ਸਿਰਸਾ- ਹਰਿਆਣਾ ਦੇ ਸਿਰਸਾ ਜ਼ਿਲ੍ਹੇ 'ਚ ਗੈਂਗਵਾਰ ਦੀ ਵਾਰਦਾਤ ਸਾਹਮਣੇ ਆਈ ਹੈ। ਬਦਮਾਸ਼ਾਂ ਨੇ  ਕਾਲਾਂਵਾਲੀ ਮੰਡੀ ਵਿਚ ਦਿਨ-ਦਿਹਾੜੇ ਗੈਂਗਵਾਰ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਮੰਡੀ ਵਿਚ ਹੋਈ ਗੋਲੀਬਾਰੀ 'ਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਪੀੜਤਾਂ ਦੀ ਗੱਡੀ ਰੋਕ ਕੇ ਉਨ੍ਹਾਂ ਉੱਪਰ ਤਾਬੜਤੋੜ ਫਾਇਰਿੰਗ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। 

PunjabKesari

ਮਿਲੀ ਜਾਣਕਾਰੀ ਅਨੁਸਾਰ ਬੀਤੀ ਦੁਪਹਿਰ 3.30 ਵਜੇ ਦੇ ਕਰੀਬ ਦੀਪਕ ਅਤੇ ਦੀਪੂ ਨਾਮੀ ਦੋ ਨੌਜਵਾਨ ਸਕਾਰਪੀਓ ਵਿਚ ਸਵਾਰ ਹੋ ਕੇ ਆਪਣੇ ਦੋ ਹੋਰ ਦੋਸਤਾਂ ਨਾਲ ਕਾਲਾਂਵਾਲੀ ਤੋਂ ਦੇਸੂ ਰੋਡ ਵੱਲ ਜਾ ਰਹੇ ਸਨ। ਇਸ ਦੌਰਾਨ ਸਕਾਰਪੀਓ 'ਚ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਪਹਿਲਾਂ ਦੀਪਕ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਤਾਬੜਤੋੜ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀ ਲੱਗਣ ਕਾਰਨ ਦੀਪਕ ਅਤੇ ਦੀਪੂ ਦੀ ਮੌਤ ਹੋ ਗਈ ਹੈ, ਜਦਕਿ ਬਾਕੀ ਦੋ ਜ਼ਖਮੀ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਮਾਰੇ ਗਏ ਦੋਵੇਂ ਵਿਅਕਤੀਆਂ ਦਾ ਅਪਰਾਧਿਕ ਰਿਕਾਰਡ ਵੀ ਹੈ ਅਤੇ ਗੋਲੀ ਚਲਾਉਣ ਵਾਲੇ ਵੀ ਗੈਂਗਸਟਰ ਦੱਸੇ ਜਾਂਦੇ ਹਨ।

ਗੈਂਗਵਾਰ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਸਕਾਰਪੀਓ ਗੱਡੀ ਮੌਕੇ 'ਤੇ ਛੱਡ ਕੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਨੇ ਹਮਲਾਵਰਾਂ ਨੂੰ ਫੜਨ ਲਈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਸ ਨੇ ਕਾਲਾਂਵਾਲੀ ਦੇ ਨਾਲ ਲੱਗਦੀ ਪੰਜਾਬ ਸਰਹੱਦ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਮੁੱਢਲੀ ਜਾਂਚ 'ਚ ਇਹ ਗੈਂਗਵਾਰ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਹ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਹਮਲਾਵਰ ਕਿਸ ਗੈਂਗ ਨਾਲ ਜੁੜੇ ਹੋਏ ਹਨ।


author

Tanu

Content Editor

Related News