ਮੇਲਾ ਦੇਖਣ ਗਈ ਨਾਬਾਲਗ ਨਾਲ ਸਮੂਹਿਕ ਬਲਾਤਕਾਰ

Friday, Oct 11, 2024 - 10:51 PM (IST)

ਬਾਂਦਾ — ਬਾਂਦਾ ਜ਼ਿਲ੍ਹੇ 'ਚ ਮੇਲਾ ਦੇਖਣ ਗਈ ਨਾਬਾਲਗ ਲੜਕੀ ਨਾਲ ਦੋ ਨੌਜਵਾਨਾਂ ਨੇ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਿਲਾਨੀ ਥਾਣੇ ਦੇ ਇੰਚਾਰਜ ਇੰਸਪੈਕਟਰ ਆਨੰਦ ਕੁਮਾਰ ਨੇ ਦੱਸਿਆ ਕਿ ਪੀੜਤਾ ਬੀਤੀ 7 ਅਕਤੂਬਰ ਨੂੰ ਆਪਣੀ ਵੱਡੀ ਭੈਣ ਨਾਲ ਨੇੜਲੇ ਪਿੰਡ 'ਚ ਮੇਲਾ ਦੇਖਣ ਗਈ ਸੀ।

ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਜਦੋਂ ਦੋਵੇਂ ਭੈਣਾਂ ਘਰ ਵਾਪਸ ਆ ਰਹੀਆਂ ਸਨ ਤਾਂ ਅਵੇਸ਼ (21) ਅਤੇ ਮੁਜੀਬੁਰ ਰਹਿਮਾਨ (32) ਨੇ ਉਨ੍ਹਾਂ ਨੂੰ ਰੋਕਿਆ ਅਤੇ ਜ਼ਬਰਦਸਤੀ ਆਪਣੀ ਕਾਰ ਵਿਚ ਬਿਠਾ ਕੇ ਕਿਸੇ ਅਣਪਛਾਤੀ ਜਗ੍ਹਾ 'ਤੇ ਲੈ ਗਏ, ਜਿੱਥੇ ਉਨ੍ਹਾਂ ਨੇ ਉਸ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ’ਤੇ ਧਰਮ ਪਰਿਵਰਤਨ ਲਈ ਕਥਿਤ ਤੌਰ ’ਤੇ ਦਬਾਅ ਵੀ ਪਾਇਆ।

ਉਨ੍ਹਾਂ ਦੱਸਿਆ ਕਿ ਪੀੜਤਾ ਕਿਸੇ ਤਰ੍ਹਾਂ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਈ ਅਤੇ ਅਗਲੀ ਸਵੇਰ ਘਰ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਪੀੜਤਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ 'ਚ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ। ਕੁਮਾਰ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।
 


Inder Prajapati

Content Editor

Related News