ਭਰਾ ਦੀਆਂ ਅੱਖਾਂ ਮੂਹਰੇ ਭਰਾ ਨਾਲ ਵਾਪਰ ਗਈ ਅਣਹੋਣੀ, ਹੋਈ ਦਰਦਨਾਕ ਮੌਤ
Wednesday, Apr 29, 2026 - 06:52 PM (IST)
ਲੁਧਿਆਣਾ (ਰਾਜ): ਜ਼ਿਲ੍ਹੇ ਦੇ ਪਿੰਡ ਝੁੱਗੀਆਂ ਦੇ ਕੋਲ ਸਤਲੁਜ ਬੰਨ੍ਹ (ਸਸਰਾਲੀ ਬੰਨ੍ਹ) 'ਤੇ ਕੰਮ ਦੇ ਦੌਰਾਨ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਇਕ ਡੀਜ਼ਲ ਟੈਂਕਰ ਦੇ ਚਾਲਕ ਨੇ ਲਾਪਰਵਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਇਕ ਨੌਜਵਾਨ ਨੂੰ ਦਰੜ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਖ਼ੌਫ਼ਨਾਕ ਸੀ ਕਿ ਮ੍ਰਿਤਕ ਦੇ ਭਰਾ ਦੀਆਂ ਅੱਖਾਂ ਦੇ ਸਾਹਮਣੇ ਹੀ ਟੈਂਕਰ ਦਾ ਪਿਛਲਾ ਟਾਇਰ ਨੌਜਵਾਨ ਦੇ ਪੇਟ ਦੇ ਉੱਪਰੋਂ ਲੰਘ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੇਹਰਬਾਨ ਦੀ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਟੈਂਕਰ ਦੇ ਨੰਬਰ ਦੇ ਆਧਾਰ 'ਤੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ, ਸ਼ਿਕਾਇਤਕਰਤਾ ਕਕ ਸਿੰਘ ਅਤੇ ਉਸ ਦਾ ਚਚੇਰਾ ਭਰਾ ਸੁਗ੍ਰੀਵ ਧਾਕੜ (36 ਸਾਲ) ਬੰਨ੍ਹ 'ਤੇ ਕੰਮ ਕਰ ਰਹੇ ਸਨ। ਇਸੇ ਦੌਰਾਨ ਬੰਨ੍ਹ 'ਤੇ ਚੱਲ ਰਹੀਆਂ ਮਸ਼ੀਨਾਂ ਲਈ ਡੀਜ਼ਲ ਲੈ ਕੇ 'ਵੜੈਚ ਕਿਸਾਨ ਸੇਵਾ ਕੇਂਦਰ' ਪੈਟਰੋਲ ਪੰਪ ਦਾ ਇਕ ਛੋਟਾ ਟਾਟਾ ਟੈਂਕਰ ਉੱਥੇ ਪਹੁੰਚਿਆ। ਭਰਾ ਨੇ ਦੱਸਿਆ ਕਿ ਚਿੱਟੇ ਰੰਗ ਦੇ ਇਸ ਟੈਂਕਰ ਦੇ ਅਣਪਛਾਤੇ ਚਾਲਕ ਨੇ ਬੇਹੱਦ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਗੱਡੀ ਨੂੰ ਬੈਕ ਕਰਨਾ ਸ਼ੁਰੂ ਕਰ ਦਿੱਤਾ। ਤੇਜ਼ੀ ਨਾਲ ਬੈਕ ਹੋ ਰਹੇ ਟੈਂਕਰ ਦੀ ਲਪੇਟ ਵਿਚ ਸੁਗ੍ਰੀਵ ਧਾਕੜ ਆ ਗਿਆ। ਚਾਲਕ ਨੇ ਬਿਨਾਂ ਦੇਖੇ ਟੈਂਕਰ ਨੂੰ ਇੰਨੀ ਜ਼ੋਰ ਨਾਲ ਪਿੱਛੇ ਕੀਤਾ ਕਿ ਗੱਡੀ ਦਾ ਪਿਛਲਾ ਟਾਇਰ ਸੁਗ੍ਰੀਵ ਦੇ ਪੇਟ ਦੇ ਉੱਪਰ ਚੜ੍ਹ ਗਿਆ। ਇਸ ਭਿਆਨਕ ਹਾਦਸੇ ਵਿਚ ਸੁਗ੍ਰੀਵ ਦੀ ਮੌਕੇ 'ਤੇ ਹੀ ਤੜਫ਼-ਤੜਫ਼ ਕੇ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਚਾਲਕ ਆਪਣੇ ਟੈਂਕਰ ਸਮੇਤ ਮੌਕੇ ਤੋਂ ਭੱਜਣ ਵਿੱਚ ਸਫਲ ਰਿਹਾ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ।
