ਪਤਨੀ ਨਾਬਾਲਗ ਪੁੱਤਰ ਸਮੇਤ ਘਰੋਂ ਲਾਪਤਾ, ਨੌਜਵਾਨ ’ਤੇ ਲੱਗੇ ਵੱਡੇ ਦੋਸ਼
Saturday, Apr 18, 2026 - 12:14 PM (IST)
ਫਰੀਦਕੋਟ (ਰਾਜਨ) : ਥਾਣਾ ਸਦਰ ਫਰੀਦਕੋਟ ਦੀ ਪੁਲਸ ਵੱਲੋਂ ਇਕ ਗੰਭੀਰ ਪਰਿਵਾਰਕ ਮਾਮਲੇ ਵਿਚ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਮੇਲ ਸਿੰਘ ਵਾਸੀ ਪਿੰਡ ਪੱਖੀ ਕਲਾ ਨੇ ਦੱਸਿਆ ਕਿ ਉਸਦਾ ਵਿਆਹ ਸਾਲ 2014 ਵਿਚ ਪਰਮਜੀਤ ਕੌਰ ਵਾਸੀ ਜ਼ਿਲ੍ਹਾ ਗੰਗਾਨਗਰ (ਰਾਜਸਥਾਨ) ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦਾ ਇਕ 9 ਸਾਲ ਦਾ ਪੁੱਤਰ ਹੈ। ਸ਼ਿਕਾਇਤਕਰਤਾ ਅਨੁਸਾਰ ਉਸਦੀ ਪਤਨੀ ਬਿਨਾਂ ਦੱਸੇ ਘਰ ਤੋਂ ਉਸਦੇ ਨਾਬਾਲਗ ਪੁੱਤਰ ਨੂੰ ਨਾਲ ਲੈ ਕੇ ਚਲੀ ਗਈ ਅਤੇ ਨਾਲ ਹੀ ਕਰੀਬ 5 ਤੋਲੇ ਸੋਨਾ ਅਤੇ ਲਗਭਗ 2 ਲੱਖ ਰੁਪਏ ਨਕਦ ਵੀ ਲੈ ਗਈ। ਉਸਨੇ ਦੱਸਿਆ ਕਿ ਆਪਣੇ ਤੌਰ ’ਤੇ ਭਾਲ ਕਰਨ ਉਪਰੰਤ ਪਤਾ ਲੱਗਿਆ ਕਿ ਉਸਦੀ ਪਤਨੀ ਅਤੇ ਪੁੱਤਰ ਨੂੰ ਅਰਸ਼ਦੀਪ ਸਿੰਘ ਪੁੱਤਰ ਬੰਸਾ ਸਿੰਘ ਵਾਸੀ ਪਿੰਡ ਬਾਜਕ (ਜ਼ਿਲ੍ਹਾ ਬਠਿੰਡਾ) ਆਪਣੇ ਨਾਲ ਲੈ ਗਿਆ ਹੈ।
ਇਸ ਦੌਰਾਨ ਜਦੋਂ ਉਸਨੇ ਮੁਲਜ਼ਮ ਨਾਲ ਗੱਲਬਾਤ ਕੀਤੀ ਤਾਂ ਉਸਨੇ ਜਾਨੋਂ ਮਾਰਣ ਦੀਆਂ ਧਮਕੀਆਂ ਦਿੱਤੀਆਂ ਅਤੇ ਕਿਹਾ ਕਿ ਉਹ ਉਸਦੀ ਪਤਨੀ ਅਤੇ ਪੁੱਤਰ ਨੂੰ ਵਾਪਸ ਨਹੀਂ ਕਰੇਗਾ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਫਰੀਦਕੋਟ ਵਿਚ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
