ਜਜ਼ਬੇ ਨੂੰ ਸਲਾਮ! ਕਈ ਮੁਸ਼ਕਲਾਂ ਦਾ ਸਾਹਮਣਾ ਕਰ ਮਹਾਰਾਸ਼ਟਰ ਦਾ ਇਹ ਮੁੰਡਾ ਅਮਰੀਕਾ 'ਚ ਬਣਿਆ ਵਿਗਿਆਨੀ

Sunday, Nov 13, 2022 - 02:02 PM (IST)

ਜਜ਼ਬੇ ਨੂੰ ਸਲਾਮ! ਕਈ ਮੁਸ਼ਕਲਾਂ ਦਾ ਸਾਹਮਣਾ ਕਰ ਮਹਾਰਾਸ਼ਟਰ ਦਾ ਇਹ ਮੁੰਡਾ ਅਮਰੀਕਾ 'ਚ ਬਣਿਆ ਵਿਗਿਆਨੀ

ਨਾਗਪੁਰ (ਭਾਸ਼ਾ)- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਦੇ ਇਕ ਦੂਰ-ਦੁਰਾਡੇ ਪਿੰਡ 'ਚ ਬਚਪਨ 'ਚ ਇਕ ਸਮੇਂ ਦੇ ਭੋਜਨ ਲਈ ਸੰਘਰਸ਼ ਕਰਨ ਤੋਂ ਲੈ ਕੇ ਅਮਰੀਕਾ 'ਚ ਸੀਨੀਅਰ ਵਿਗਿਆਨੀ ਬਣਨ ਤੱਕ ਭਾਸਕਰ ਹਲਾਮੀ ਦਾ ਜੀਵਨ ਇਸ ਗੱਲ ਦੀ ਮਿਸਾਲ ਹੈ ਕਿ ਸਖ਼ਤ ਮਿਹਨਤ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਕੁਰਖੇੜਾ ਤਹਿਸੀਲ ਦੇ ਪਿੰਡ ਚਿਰਚੜੀ 'ਚ ਇਕ ਆਦਿਵਾਸੀ ਭਾਈਚਾਰੇ 'ਚ ਪੜ੍ਹਿਆ ਲਿਖਿਆ ਹਲਾਮੀ ਹੁਣ ਮੈਰੀਲੈਂਡ, ਅਮਰੀਕਾ 'ਚ ਬਾਇਓਫਾਰਮਾਸਿਊਟੀਕਲ ਕੰਪਨੀ ਸਿਰਨਾਮਿਕਸ ਇੰਕ ਦੇ ਖੋਜ ਅਤੇ ਵਿਕਾਸ ਵਿਭਾਗ 'ਚ ਇਕ ਸੀਨੀਅਰ ਵਿਗਿਆਨੀ ਹੈ। ਕੰਪਨੀ ਜੈਨੇਟਿਕ ਦਵਾਈ 'ਚ ਖੋਜ ਕਰਦੀ ਹੈ ਅਤੇ ਹਲਾਮੀ ਆਰ.ਐੱਨ.ਏ. ਨਿਰਮਾਣ ਅਤੇ ਸੰਸਲੇਸ਼ਣ ਦਾ ਕੰਮ ਦੇਖਦੇ ਹਨ। ਹਲਾਮੀ ਦਾ ਸਫ਼ਲ ਵਿਗਿਆਨੀ ਬਣਨ ਦਾ ਸਫ਼ਰ ਰੁਕਾਵਟਾਂ ਭਰਿਆ ਰਿਹਾ ਹੈ ਅਤੇ ਉਸ ਨੇ ਕਈ ਥਾਵਾਂ 'ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹ ਬੈਚਲਰ ਆਫ਼ ਸਾਇੰਸ, ਪੋਸਟ ਗ੍ਰੈਜੂਏਟ ਡਿਗਰੀ ਅਤੇ ਪੀਐਚ.ਡੀ. ਕਰਨ ਵਾਲੇ ਚਿਰਚੜੀ ਪਿੰਡ ਦੇ ਪਹਿਲੇ ਵਿਅਕਤੀ ਹਨ।

ਇਹ ਵੀ ਪੜ੍ਹੋ : ਦਿੱਲੀ ਭਾਜਪਾ ਦਾ 'ਆਪ' 'ਤੇ ਹਮਲਾ, ਕੇਜਰੀਵਾਲ ਅਤੇ ਸਿਸੋਦੀਆ ਨੂੰ ਕਿਹਾ 'ਲੁਟੇਰਾ'

ਭੋਜਨ ਲਈ ਕਰਨਾ ਪੈਂਦਾ ਸੀ ਸੰਘਰਸ਼

ਹਲਾਮੀ ਨੇ ਆਪਣੇ ਬਚਪਨ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕੀਤਾ ਕਿ ਕਿਵੇਂ ਉਨ੍ਹਾਂ ਦਾ ਪਰਿਵਾਰ ਬਹੁਤ ਥੋੜ੍ਹੇ 'ਚ ਗੁਜ਼ਾਰਾ ਕਰਦਾ ਸੀ। 44 ਸਾਲਾ ਵਿਗਿਆਨੀ ਨੇ ਕਿਹਾ,“ਸਾਨੂੰ ਇਕ ਭੋਜਨ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਸੀ। ਮੇਰੇ ਮਾਤਾ-ਪਿਤਾ ਅਜੇ ਤੱਕ ਸੋਚਦੇ ਸਨ ਕਿ ਜਦੋਂ ਭੋਜਨ ਜਾਂ ਕੰਮ ਨਹੀਂ ਸੀ ਤਾਂ ਪਰਿਵਾਰ ਨੇ ਉਸ ਸਮੇਂ ਕਿਵੇਂ ਗੁਜ਼ਾਰਾ ਕੀਤਾ।'' ਉਸ ਨੇ ਅੱਗੇ ਕਿਹਾ ਕਿ ਸਾਲ ਦੇ ਕੁਝ ਮਹੀਨੇ, ਖਾਸ ਤੌਰ 'ਤੇ ਮਾਨਸੂਨ ਬਹੁਤ ਹੀ ਮੁਸ਼ਕਲ ਹੁੰਦੇ ਸਨ ਕਿਉਂਕਿ ਪਰਿਵਾਰ ਕੋਲ ਥੋੜ੍ਹਾ ਜਿਹਾ ਖੇਤ ਹੁੰਦਾ ਸੀ, ਉਸ 'ਚ ਕੋਈ ਫ਼ਸਲ ਨਹੀਂ ਹੁੰਦੀ ਸੀ। ਹਲਾਮੀ ਨੇ ਕਿਹਾ,''ਅਸੀਂ ਮਹੂਆ ਦੇ ਫੁੱਲਾਂ ਨੂੰ ਪਕਾ ਕੇ ਖਾਂਦੇ ਸੀ, ਜੋ ਖਾਣਾ ਅਤੇ ਹਜ਼ਮ ਕਰਨਾ ਆਸਾਨ ਨਹੀਂ ਹੁੰਦੇ ਸਨ। ਅਸੀਂ ਪਰਸੌਦ (ਜੰਗਲੀ ਚੌਲ) ਇਕੱਠੇ ਕਰਦੇ ਸੀ ਅਤੇ ਢਿੱਡ ਭਰਨ ਲਈ ਇਸ ਚੌਲ ਦੇ ਆਟੇ ਨੂੰ ਪਾਣੀ 'ਚ ਪਕਾਉਂਦੇ ਸੀ। ਇਹ ਸਿਰਫ਼ ਸਾਡੀ ਗੱਲ ਨਹੀਂ ਸਨ, ਸਗੋਂ ਇਹ ਪਿੰਡ ਦੇ 90 ਫ਼ੀਸਦੀ ਲੋਕਾਂ ਦੇ ਰਹਿਣ ਦਾ ਸਾਧਨ ਸੀ।” ਚਿਰਚੜੀ 400 ਤੋਂ 500 ਪਰਿਵਾਰਾਂ ਦਾ ਪਿੰਡ ਹੈ। ਹਲਾਮੀ ਦੇ ਮਾਤਾ-ਪਿਤਾ ਪਿੰਡ 'ਚ ਘਰੇਲੂ ਸਹਾਇਕਾਂ ਵਜੋਂ ਕੰਮ ਕਰਦੇ ਸਨ, ਕਿਉਂਕਿ ਉਨ੍ਹਾਂ ਦੇ ਛੋਟੇ ਜਿਹੇ ਖੇਤ 'ਚੋਂ ਪੈਦਾਵਾਰ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕਾਫੀ ਨਹੀਂ ਸੀ। ਹਾਲਾਤ ਉਦੋਂ ਸੁਧਰ ਗਏ ਜਦੋਂ 7ਵੀਂ ਜਮਾਤ ਤੱਕ ਪੜ੍ਹੇ ਹਲਾਮੀ ਦੇ ਪਿਤਾ ਨੂੰ ਕਰੀਬ 100 ਕਿਲੋਮੀਟਰ ਦੂਰ ਕਸਾਨਸੂਰ ਤਹਿਸੀਲ ਦੇ ਇਕ ਸਕੂਲ 'ਚ ਨੌਕਰੀ ਮਿਲ ਗਈ।

ਇਹ ਵੀ ਪੜ੍ਹੋ : ਮਮਤਾ ਦੇ ਮੰਤਰੀ ਨੇ ਰਾਸ਼ਟਰਪਤੀ 'ਤੇ ਕੀਤੀ ਇਤਰਾਜ਼ਯੋਗ ਟਿੱਪਣੀ, ਭਾਜਪਾ ਨੇ ਕੀਤੀ ਗ੍ਰਿਫ਼ਤਾਰੀ ਦੀ ਮੰਗ

ਮਾਤਾ-ਪਿਤਾ ਨੂੰ ਦਿੱਤਾ ਸਫ਼ਲਤਾ ਦਾ ਸਿਹਰਾ

ਹਲਾਮੀ ਨੇ ਆਪਣੀ ਸਕੂਲੀ ਪੜ੍ਹਾਈ ਕਸਾਨਸੂਰ ਦੇ ਇਕ ਆਸ਼ਰਮ ਸਕੂਲ 'ਚ ਪਹਿਲੀ ਤੋਂ ਚੌਥੀ ਜਮਾਤ ਤੱਕ ਕੀਤੀ ਅਤੇ ਵਜ਼ੀਫ਼ਾ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਉਸ ਨੇ ਯਵਤਮਾਲ ਦੇ ਸਰਕਾਰੀ ਵਿਦਿਆਨਿਕੇਤਨ ਕੇਲਾਪੁਰ 'ਚ 10ਵੀਂ ਜਮਾਤ ਤੱਕ ਪੜ੍ਹਾਈ ਕੀਤੀ। ਉਸ ਨੇ ਕਿਹਾ,"ਮੇਰੇ ਪਿਤਾ ਨੇ ਸਿੱਖਿਆ ਦੀ ਕੀਮਤ ਨੂੰ ਸਮਝਿਆ ਅਤੇ ਇਹ ਯਕੀਨੀ ਬਣਾਇਆ ਕਿ ਮੇਰੇ ਭੈਣ-ਭਰਾ ਅਤੇ ਮੈਂ ਆਪਣੀ ਪੜ੍ਹਾਈ ਪੂਰੀ ਕਰਨ।" ਗੜ੍ਹਚਿਰੌਲੀ ਦੇ ਇਕ ਕਾਲਜ ਤੋਂ ਬੈਚਲਰ ਆਫ਼ ਸਾਇੰਸ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ, ਹਲਾਮੀ ਨੇ ਨਾਗਪੁਰ 'ਚ ਵਿਗਿਆਨ ਦੀ ਪੜ੍ਹਾਈ ਕੀਤੀ ਅਤੇ ਉਸ ਨੇ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਇੰਸਟੀਚਿਊਟ ਤੋਂ ਕੈਮਿਸਟਰੀ 'ਚ 2003 'ਚ ਹਲਾਮੀ ਨੂੰ ਨਾਗਪੁਰ 'ਚ ਵੱਕਾਰੀ ਲਕਸ਼ਮੀਨਾਰਾਇਣ ਇੰਸਟੀਚਿਊਟ ਆਫ਼ ਟੈਕਨਾਲੋਜੀ (LIT) 'ਚ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਕੀਤਾ ਗਿਆ ਸੀ। ਉਸ ਨੇ ਮਹਾਰਾਸ਼ਟਰ ਪਬਲਿਕ ਸਰਵਿਸ ਕਮਿਸ਼ਨ (MPSC) ਦੀ ਪ੍ਰੀਖਿਆ ਪਾਸ ਕੀਤੀ ਪਰ ਹਲਮੀ ਦਾ ਧਿਆਨ ਖੋਜ 'ਤੇ ਰਿਹਾ ਅਤੇ ਉਸ ਨੇ ਅਮਰੀਕਾ 'ਚ ਆਪਣੀ ਪੀਐੱਚਡੀ ਕੀਤੀ ਅਤੇ ਡੀ.ਐੱਨ.ਏ. ਅਤੇ ਆਰ.ਐੱਨ.ਏ. 'ਚ ਵੱਡੀ ਸੰਭਾਵਨਾ ਨੂੰ ਵੇਖਦਿਆਂ ਆਪਣੀ ਖੋਜ ਲਈ ਇਸ ਵਿਸ਼ੇ ਨੂੰ ਚੁਣਿਆ। ਹਲਾਮੀ ਨੇ ਮਿਸ਼ੀਗਨ ਟੈਕਨੋਲੋਜੀਕਲ ਯੂਨੀਵਰਸਿਟੀ ਤੋਂ ਆਪਣੀ ਪੀਐੱਚਡੀ ਪ੍ਰਾਪਤ ਕੀਤੀ। ਹਲਾਮੀ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੰਦਾ ਹੈ, ਜਿਨ੍ਹਾਂ ਨੇ ਉਸ ਦੀ ਸਿੱਖਿਆ ਲਈ ਸਖ਼ਤ ਮਿਹਨਤ ਕੀਤੀ। ਹਲਾਮੀ ਨੇ ਚਿਰਚੜੀ 'ਚ ਆਪਣੇ ਪਰਿਵਾਰ ਲਈ ਇਕ ਘਰ ਬਣਾਇਆ ਹੈ, ਜਿੱਥੇ ਉਸ ਦੇ ਮਾਤਾ-ਪਿਤਾ ਰਹਿਣਾ ਚਾਹੁੰਦੇ ਸਨ। ਹਲਾਮੀ ਦੇ ਪਿਤਾ ਦਾ ਕੁਝ ਸਾਲ ਪਹਿਲਾਂ ਦਿਹਾਂਤ ਹੋ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News