ਜੀ-20 ਸੰਮੇਲਨ : ਨਵੀਂ ਦਿੱਲੀ ’ਚ ਦਵਾਈਆਂ ਨੂੰ ਛੱਡ ਕੇ ਹੋਰ ਡਿਲਿਵਰੀ ਸੇਵਾਵਾਂ ਰਹਿਣਗੀਆਂ ਬੰਦ
Monday, Sep 04, 2023 - 05:29 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਸੋਮਵਾਰ ਕਿਹਾ ਕਿ ਜੀ-20 ਸੰਮੇਲਨ ਦੌਰਾਨ ਨਵੀਂ ਦਿੱਲੀ ਜ਼ਿਲ੍ਹੇ ਵਿਚ ਦਵਾਈਆਂ ਨੂੰ ਛੱਡ ਕੇ ਸਾਰੀਆਂ ਆਨਲਾਈਨ ਡਿਲੀਵਰੀ ਸੇਵਾਵਾਂ ’ਤੇ ਪਾਬੰਦੀ ਲਾਈ ਜਾਵੇਗੀ। ਵਿਸ਼ੇਸ਼ ਪੁਲਸ ਕਮਿਸ਼ਨਰ (ਟ੍ਰੈਫਿਕ) ਐੱਸ. ਯਾਦਵ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਪੁਲਸ ਵੱਲੋਂ 25 ਅਗਸਤ ਨੂੰ ਜੀ-20 ਸਬੰਧੀ ਜਾਰੀ ਕੀਤੀ ਗਈ ਟਰੈਫਿਕ ਐਡਵਾਈਜ਼ਰੀ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਨਵੀਂ ਦਿੱਲੀ ਵਿਚ ਜ਼ਰੂਰੀ ਸੇਵਾਵਾਂ ਜਿਵੇਂ ਡਾਕ, ਮੈਡੀਕਲ ਸੇਵਾਵਾਂ ਅਤੇ ਮੈਡੀਕਲ ਜਾਂਚ ਲਈ ਨਮੂਨੇ ਇਕੱਠੇ ਕਰਨ ਦੀ ਇਜਾਜ਼ਤ ਹੋਵੇਗੀ। ਵਪਾਰਕ ਸਰਗਰਮੀਆਂ ਦੀ ਇਜਾਜ਼ਤ ਨਹੀਂ ਮਿਲੇਗੀ।
ਆਨਲਾਈਨ ਡਿਲੀਵਰੀ ਸੇਵਾਵਾਂ ਦੀ ਇਜਾਜ਼ਤ ਨਹੀਂ ਹੋਵੇਗੀ ਪਰ ਦਵਾਈਆਂ ਦੀ ਡਿਲੀਵਰੀ ਕੀਤੀ ਜਾ ਸਕਦੀ ਹੈ। ਸੁਪਰੀਮ ਕੋਰਟ ਸਟੇਸ਼ਨ ਨੂੰ ਛੱਡ ਕੇ ਮੈਟਰੋ ਸੇਵਾਵਾਂ ਪ੍ਰਭਾਵਿਤ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਵੀ.ਆਈ.ਪੀ. ਮੂਵਮੈਂਟ ਅਤੇ ਸੁਰੱਖਿਆ ਪਾਬੰਦੀਆਂ ਕਾਰਨ ਸਟੇਸ਼ਨਾਂ ਦੇ ਗੇਟ 10-15 ਮਿੰਟ ਲਈ ਬੰਦ ਹੋ ਸਕਦੇ ਹਨ ਪਰ ਪ੍ਰਗਤੀ ਮੈਦਾਨ (ਸੁਪਰੀਮ ਕੋਰਟ) ਤੋਂ ਇਲਾਵਾ ਹੋਰ ਸਟੇਸ਼ਨਾਂ ’ਤੇ ਮੈਟਰੋ ਸੇਵਾਵਾਂ ਪ੍ਰਭਾਵਿਤ ਨਹੀਂ ਹੋਣਗੀਆਂ। ਨਵੀਂ ਦਿੱਲੀ ਜ਼ਿਲ੍ਹੇ ’ਚ ਹੋਟਲ ਬੁੱਕ ਕਰਵਾਉਣ ਵਾਲੇ ਲੋਕ, ਜੋ ਹਵਾਈ ਅੱਡੇ ਜਾਂ ਰੇਲਵੇ ਸਟੇਸ਼ਨ ਤੋਂ ਆਉਣ-ਜਾਣ ਵਾਲੇ ਹਨ, ’ਤੇ ਕੋਈ ਅਸਰ ਨਹੀਂ ਪਵੇਗਾ। ਹਾਲਾਂਕਿ ਮੰਗ ਕਰਨ ਤੇ ਉਨ੍ਹਾਂ ਨੂੰ ਆਪਣੀ ਟਿਕਟ, ਬੁਕਿੰਗ ਜਾਣਕਾਰੀ ਆਦਿ ਵਰਗੇ ਜਾਇਜ਼ ਦਸਤਾਵੇਜ਼ ਵਿਖਾਉਣੇ ਪੈਣਗੇ। ਸੁਰੱਖਿਆ ਪਾਬੰਦੀਆਂ ਕਾਰਨ 10-15 ਮਿੰਟ ਦੀ ਦੇਰੀ ਹੋ ਸਕਦੀ ਹੈ ਪਰ ਉਨ੍ਹਾਂ ਨੂੰ ਦਾਖ਼ਲ ਹੋਣ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8