ਸੀਰਮ ਇੰਸਟੀਚਿਊਟ ਨਾਲ 1 ਕਰੋੜ ਤੋਂ ਵੱਧ ਦੀ ਠੱਗੀ
Sunday, Sep 11, 2022 - 05:30 PM (IST)

ਮੁੰਬਈ– ਟੀਕਾ ਨਿਰਮਾਤਾ ਕੰਪਨੀ ‘ਸੀਰਮ ਇੰਸਟੀਚਿਊਟ ਆਫ ਇੰਡੀਆ’ (ਐੱਸ. ਆਈ. ਆਈ.) ਨਾਲ ਇਕ ਕਰੋੜ ਤੋਂ ਵੱਧ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਣੇ ਪੁਲਸ ਨੇ ਦੱਸਿਆ ਕਿ ਜਾਲਸਾਜ਼ਾਂ ਨੇ ਐੱਸ. ਆਈ. ਆਈ. ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਦੇ ਨਾਂ ਮੈਸੇਜ ਭੇਜ ਕੇ ਰੁਪਏ ਟਰਾਂਸਫਰ ਕਰਨ ਦੀ ਮੰਗ ਕਰਕੇ ਇਸ ਸੰਸਥਾਨ ਨਾਲ ਇਕ ਕਰੋੜ ਤੋਂ ਵੱਧ ਦੀ ਠੱਗੀ ਮਾਰੀ ਹੈ।
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਧੋਖਾਦੇਹੀ ਬੁੱਧਵਾਰ ਅਤੇ ਵੀਰਵਾਰ ਦੁਪਹਿਰ ਦਰਮਿਆਨ ਹੋਈ। ਸੀਨੀਅਰ ਇੰਸਪੈਕਟਰ ਪ੍ਰਤਾਪ ਮਾਨਕਰ ਨੇ ਦੱਸਿਆ ਕਿ ਸੂਚਨਾ ਤਕਨੀਕੀ ਐਕਟ ਤਹਿਤ ਧੋਖਾਦੇਹੀ ਅਤੇ ਅਪਰਾਧਾਂ ਲਈ ਅਣਪਛਾਤੇ ਵਿਅਕਤੀਆਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਐੱਫ. ਆਈ. ਆਰ. ਮੁਤਾਬਕ ਐੱਸ. ਆਈ. ਆਈ. ਕੰਪਨੀ ਦੇ ਡਾਇਰੈਕਟਰਾਂ ’ਚੋਂ ਇਕ ਸਤੀਸ਼ ਦੇਸ਼ਪਾਂਡੇ ਨੂੰ ਇਕ ਵਿਅਕਤੀ ਦਾ ਵਟਸਐਪ ਮੈਸੇਜ ਮਿਲਿਆ, ਜਿਸ ਨੇ ਖੁਦ ਨੂੰ ਅਦਾਰ ਪੂਨਾਵਾਲਾ ਵਜੋਂ ਦੱਸਿਆ।
ਫਰਮ ਦੇ ਵਿੱਤ ਮੈਨੇਜਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਮੈਸੇਜ ਭੇਜਣ ਵਾਲੇ ਨੇ ਦੇਸ਼ਪਾਂਡੇ ਨੂੰ ਤੁਰੰਤ ਕੁਝ ਬੈਂਕ ਖਾਤਿਆਂ ’ਚ ਪੈਸੇ ਟ੍ਰਾਂਸਫਰ ਕਰਨ ਲਈ ਕਿਹਾ। ਇੰਸਪੈਕਟਰ ਮਾਨਕਰ ਨੇ ਕਿਹਾ ਕਿ ਇਹ ਮੰਨਦੇ ਹੋਏ ਕਿ ਇਹ ਮੈਸੇਜ ਸੀ. ਈ. ਓ. (ਮੁੱਖ ਕਾਰਜਕਾਰੀ ਅਧਿਕਾਰੀ) ਦਾ ਸੀ, ਕੰਪਨੀ ਦੇ ਅਧਿਕਾਰੀਆਂ ਨੇ 1,01,01,554 ਰੁਪਏ ਆਨਲਾਈਨ ਟਰਾਂਸਫਰ ਕੀਤੇ। ਬਾਅਦ ਵਿਚ ਪਤਾ ਲੱਗਾ ਕਿ ਪੂਨਾਵਾਲਾ ਨੇ ਕਦੇ ਵੀ ਅਜਿਹਾ ਕੋਈ ਵਟਸਐਪ ਮੈਸੇਜ ਨਹੀਂ ਭੇਜਿਆ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।