ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਕਰੋੜਾਂ ਦੀ ਠੱਗੀ, ਤਿੰਨ ਗ੍ਰਿਫ਼ਤਾਰ

Saturday, May 13, 2023 - 04:17 PM (IST)

ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਕਰੋੜਾਂ ਦੀ ਠੱਗੀ, ਤਿੰਨ ਗ੍ਰਿਫ਼ਤਾਰ

ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ ਪੁਲਸ ਦੇ ਵਿਸ਼ੇਸ਼ ਕਾਰਜ ਫ਼ੋਰਸ (ਐੱਸ.ਟੀ.ਐੱਫ.) ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਨੌਕਰੀ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਠੱਗਣ ਦੇ ਦੋਸ਼ 'ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ.ਟੀ.ਐੱਫ. ਨੇ ਇਹ ਜਾਣਕਾਰੀ ਦਿੱਤੀ। ਦੋਸ਼ੀ ਖ਼ੁਦ ਨੂੰ ਸਰਕਾਰੀ ਅਧਿਕਾਰੀ ਦੱਸ ਕੇ ਨੌਜਵਾਨਾਂ ਨੂੰ ਠੱਗਣ ਲਈ ਫਰਜ਼ੀ ਸਿਖਲਾਈ ਕੇਂਦਰ ਵੀ ਚਲਾਉਂਦੇ ਸਨ। ਐੱਸ.ਟੀ.ਐੱਫ. ਵਲੋਂ ਜਾਰੀ ਬਿਆਨ ਅਨੁਸਾਰ, ਬੇਰੁਜ਼ਗਾਰ ਨੌਜਵਾਨਾਂ ਨਾਲ ਠੱਗੀ ਕਰਨ ਦੇ ਦੋਸ਼ 'ਚ ਲਖਨਊ ਦੇ ਅਭਿਸ਼ੇਕ ਪ੍ਰਤਾਪ ਸਿੰਘ, ਸੰਤ ਕਬੀਰ ਨਗਰ ਦੇ ਅਤਹਰ ਹੁਸੈਨ ਅਤੇ ਕਾਨਪੁਰ ਦੇ ਨੀਰਜ ਮਿਸ਼ਰਾ ਨੂੰ ਸ਼ਨੀਵਾਰ ਸਵੇਰੇ ਗ੍ਰਿਫ਼ਤਾਰ ਕੀਤਾ ਗਿਆ। ਰੈਕੇਟ ਦੇ ਤੌਰ-ਤਰੀਕਿਆਂ ਬਾਰੇ ਦੱਸਦੇ ਹੋਏ, ਐੱਸ.ਟੀ.ਐੱਫ. ਅਧਿਕਾਰੀਆਂ ਨੇ ਕਿਹਾ ਦੋਸ਼ੀਆਂ ਨੇ ਪੂਰੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਸੁੰਨਸਾਨ ਥਾਂ 'ਤੇ ਇਕ ਮਕਾਨ ਕਿਰਾਏ 'ਤੇ ਲਿਆ ਅਤੇ ਫਰਜ਼ੀ ਦਫ਼ਤਰ ਅਤੇ ਸਿਖਲਾਈ ਕੇਂਦਰ ਸਥਾਪਤ ਕੀਤਾ।

ਅਧਿਕਾਰੀ ਨੇ ਕਿਹਾ,''ਦੋਸ਼ੀਆਂ ਨੇ ਸਮਾਚਾਰ ਪੱਤਰਾਂ 'ਚ ਨੌਕਰੀ ਦੇ ਇਸ਼ਤਿਹਾਰ ਦਿੱਤੇ ਅਤੇ ਦਫ਼ਤਰ 'ਚ ਇੰਟਰਵਿਊ ਆਯੋਜਿਤ ਕੀਤੇ। ਉਹ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਨੌਕਰੀ ਦਿਵਾਉਣ ਦੇ ਬਹਾਨੇ ਹਰ ਵਿਦਿਆਰਥੀ ਤੋਂ 2 ਤੋਂ 4 ਲੱਖ ਵਸੂਲਦੇ ਸਨ।'' ਉਨ੍ਹਾਂ ਦੱਸਿਆ ਕਿ ਦੋਸ਼ੀ ਇਨ੍ਹਾਂ ਨੌਜਵਾਨਾਂ ਨੂੰ ਫਰਜ਼ੀ ਨਿਯੁਕਤੀ ਪੱਤਰ ਦਿੰਦੇ ਸਨ ਅਤੇ ਫਰਜ਼ੀ ਸਿਖਲਾਈ ਵੀ ਦਿੰਦੇ ਸਨ। ਰੁਪਏ ਵਸੂਲਣ ਤੋਂ ਬਾਅਦ ਦੋਸ਼ੀ ਫਿਰ ਤੋਂ ਕਿਸੇ ਦੂਜੇ ਸ਼ਹਿਰ 'ਚ ਰੈਕੇਟ ਸ਼ੁਰੂ ਕਰਨ ਤੋਂ ਪਹਿਲਾਂ ਰਾਤੋ-ਰਾਤ ਉਸ ਜਗ੍ਹਾ ਨੂੰ ਛੱਡ ਦਿੰਦੇ ਸਨ। ਬਿਆਨ 'ਚ ਕਿਹਾ ਗਿਆ ਹੈ,''ਦੋਸ਼ੀ ਨੇ ਇਸ ਯੋਜਨਾ ਦਾ ਇਸਤੇਮਾਲ ਕਰ ਕੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।''


author

DIsha

Content Editor

Related News