CSR ਦੇ ਨਾਂ 'ਤੇ ਹਜ਼ਾਰਾਂ ਲੋਕਾਂ ਨਾਲ ਹੋ ਗਈ 281 ਕਰੋੜ ਦੀ ਠੱਗੀ, ਤੁਸੀਂ ਵੀ ਹੋ ਜਾਓ ਸਾਵਧਾਨ

Monday, Mar 17, 2025 - 01:30 PM (IST)

CSR ਦੇ ਨਾਂ 'ਤੇ ਹਜ਼ਾਰਾਂ ਲੋਕਾਂ ਨਾਲ ਹੋ ਗਈ 281 ਕਰੋੜ ਦੀ ਠੱਗੀ, ਤੁਸੀਂ ਵੀ ਹੋ ਜਾਓ ਸਾਵਧਾਨ

ਨੈਸ਼ਨਲ ਡੈਸਕ- ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਿਟੀ ਫੰਡ ਤਹਿਤ ਹਜ਼ਾਰਾਂ ਲੋਕਾਂ ਨੂੰ ਸਕੂਟਰ ਦੇਣ ਦਾ ਝਾਂਸਾ ਦੇ ਕੇ 281.43 ਕਰੋੜ ਰੁਪਏ ਦੀ ਠੱਗੀ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਸੋਮਵਾਰ ਨੂੰ ਵਿਧਾਨ ਸਭਾ 'ਚ ਦੱਸਿਆ ਕਿ ਇਕ ਵੱਡੇ ਸੀ.ਐੱਸ.ਆਰ. ਘਪਲੇ 'ਚ ਅੱਧੇ ਰੇਟ 'ਤੇ ਸਕੂਟਰ ਦੇਣ ਦਾ ਝਾਂਸਾ ਦੇ ਕੇ 48,386 ਲੋਕਾਂ ਤੋਂ 281.43 ਕਰੋੜ ਰੁਪਏ ਵਸੂਲੇ ਗਏ, ਜਿਨ੍ਹਾਂ 'ਚੋਂ ਸਿਰਫ਼ 16,348 ਲੋਕਾਂ ਨੂੰ ਹੀ ਸਕੂਟਰ ਮਿਲੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਘਪਲੇ ਨਾਲ ਜੁੜੇ 386 ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਵਿਧਾਇਕ ਮੁਰਲੀ ਪੇਰੂਨੇਲੀ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਵਿਜਯਨ ਨੇ ਕਿਹਾ ਕਿ 12 ਮਾਰਚ ਤੱਕ ਇਸ ਘਪਲੇ ਨਾਲ ਜੁੜੇ 1,343 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ 665 ਮਾਮਲਿਆਂ ਦੀ ਜਾਂਚ ਅਪਰਾਧ ਸ਼ਾਖਾ ਦੇ ਸੁਪਰਡੈਂਟ ਨੂੰ ਸੌਂਪ ਦਿੱਤੀ ਗਈ ਹੈ ਜੋ ਕਿ ਏ.ਡੀ.ਜੀ.ਪੀ. ਦੀ ਨਿਗਰਾਨੀ ਹੇਠ 'ਸਿਟ' ਦੀ ਅਗਵਾਈ ਕਰ ਰਹੇ ਹਨ। 

ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਹਜ਼ਾਰਾਂ ਲੋਕਾਂ ਨਾਲ ਸੀ.ਐੱਸ.ਆਰ. ਫੰਡ ਦੇ ਨਾਂ 'ਤੇ ਸਸਤੇ ਦੋ-ਪਹੀਆ ਵਾਹਨ ਤੇ ਲੈਪਟਾਪ ਦੇਣ ਦਾ ਝਾਂਸਾ ਦਿੱਤਾ ਗਿਆ ਸੀ, ਜਿਸ ਦੀ ਜਾਂਚ ਦੌਰਾਨ ਮਾਮਲੇ ਦੇ ਮੁੱਖ ਮੁਲਜ਼ਮ ਦੇ ਕੋਲੋਂ ਕਈ ਜ਼ਰੂਰੀ ਦਸਤਾਵੇਜ਼ ਜ਼ਬਤ ਕੀਤੇ ਗਏ ਹਨ ਤੇ ਉਸ ਦੇ ਬੈਂਕ ਖਾਤਿਆਂ ਨੂੰ ਵੀ ਫ੍ਰੀ਼ਜ਼ ਕਰ ਦਿੱਤਾ ਗਿਆ ਹੈ। ਇਸ ਘਪਲੇ 'ਚ ਹੁਣ ਤੱਕ ਆਨੰਦੂ ਕ੍ਰਿਸ਼ਨਨ, ਰਵੀ ਪਨਿਕਲ, ਬਸ਼ੀਰ ਪੀ.ਪੀ. ਰਿਆਸ, ਮੁਹੰਮਦ ਸ਼ਫ਼ੀ ਤੇ ਕੇ.ਐੱਨ. ਆਨੰਦ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ- ਨਵੀਂ ਗੱਡੀ ਖਰੀਦਣ ਦੀ ਕਰ ਰਹੇ ਹੋ ਪਲਾਨਿੰਗ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਕਿਤੇ ਇੰਤਜ਼ਾਰ ਪੈ ਨਾ ਜਾਏ 'ਮਹਿੰਗਾ'

ਹੁਣ ਤੱਕ ਹੋਈ ਜਾਂਚ ਅਨੁਸਾਰ ਸਸਤੇ ਰੇਟ 'ਤੇ ਸਕੂਟਰ ਦੇਣ ਦੇ ਨਾਂ 'ਤੇ 48,386 ਲੋਕਾਂ ਕੋਲੋਂ 281.43 ਕਰੋੜ ਰੁਪਏ ਵਸੂਲੇ ਗਏ ਸਨ, ਜਿਨ੍ਹਾਂ 'ਚੋਂ ਸਿਰਫ਼ 16,348 ਲੋਕਾਂ ਨੂੰ ਹੀ ਸਕੂਟਰ ਮਿਲੇ ਹਨ। ਇਸੇ ਤਰ੍ਹਾਂ 16,891 ਲੋਕਾਂ ਤੋਂ ਲੈਪਟਾਪ ਦੇਣ ਦੇ ਨਾਂ 'ਤੇ 9.22 ਕਰੋੜ ਰੁਪਏ ਵਸੂਲੇ ਗਏ ਸਨ, ਜਿਨ੍ਹਾਂ 'ਚੋਂ ਸਿਰਫ਼ 29,897 ਲੋਕਾਂ ਨੂੰ ਹੀ ਲੈਪਟਾਪ ਦਿੱਤੇ ਗਏ। ਇਸ ਤੋਂ ਇਲਾਵਾ 56,082 ਲੋਕਾਂ ਨੂੰ ਸਿਲਾਈ ਮਸ਼ੀਨ ਦੇਣ ਦਾ ਝਾਂਸਾ ਦੇ ਕੇ 23.24 ਕਰੋੜ ਰੁਪਏ ਵਸੂਲੇ ਗਏ ਸਨ, ਜਿਨ੍ਹਾਂ 'ਚੋਂ 53,478 ਲੋਕਾਂ ਨੂੰ ਹੀ ਮਸ਼ੀਨਾਂ ਮਿਲੀਆਂ। 

ਵਿਜਯਨ ਨੇ ਅੱਗੇ ਦੱਸਿਆ ਕਿ ਜਾਂਚ 'ਚ ਖੁਲਾਸਾ ਕੀਤਾ ਗਿਆ ਹੈ ਕਿ ਮੁੱਖ ਮੁਲਜ਼ਮ ਤੇ ਉਸ ਦੀਆਂ ਕੰਪਨੀਆਂ ਦੇ 23 ਬੈਂਕ ਖਾਤੇ ਚੱਲਦੇ ਸਨ। ਅਦਾਲਤ ਦੇ ਆਦੇਸ਼ਾਂ ਅਨੁਸਾਰ ਮੁਲਜ਼ਮ ਦੀਆਂ 3 ਜਾਇਦਾਦਾਂ ਕੁਰਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਅਪਰਾਧ ਸ਼ਾਖਾ ਹਾਲੇ 279 ਮਾਮਲਿਆਂ ਦੀ ਜਾਂਚ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ ਇਹ ਧੋਖਾਧੜੀ ਸਮਾਜਿਕ-ਆਰਥਿਕ ਅਤੇ ਵਾਤਾਵਰਣ ਵਿਕਾਸ ਸੋਸਾਇਟੀ, ਐੱਨ.ਜੀ.ਓ. ਫੈਡਰੇਸ਼ਨ ਅਤੇ ਵੱਖ-ਵੱਖ ਸੋਸਾਇਟੀਆਂ ਅਤੇ ਫੈਡਰੇਸ਼ਨਾਂ ਰਾਹੀਂ ਕੀਤੀ ਗਈ ਸੀ, ਜਿਨ੍ਹਾਂ ਦਾ ਗਠਨ ਆਨੰਦ ਕੁਮਾਰ ਨੂੰ ਪ੍ਰਧਾਨ ਅਤੇ ਆਨੰਦੂ ਕ੍ਰਿਸ਼ਨਨ ਨੂੰ ਕੋਆਰਡੀਨੇਟਰ ਬਣਾ ਕੇ ਕੀਤਾ ਗਿਆ ਸੀ। ਲੋਕਾਂ ਨੂੰ ਅਜਿਹੀਆਂ ਜਾਅਲਸਾਜ਼ੀਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦੇ ਹੋਏ ਵਿਜਯਨ ਨੇ ਕਿਹਾ ਕਿ ਲੋਕਾਂ ਨੂੰ ਅਜਿਹੇ ਲੋਕਾਂ ਦੇ ਝਾਂਸੇ ਵਿੱਚ ਫਸਣ ਤੋਂ ਬਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਹਵਸ 'ਚ ਅੰਨ੍ਹੇ ਨੇ ਪਹਿਲਾਂ ਕੁੜੀ ਨਾਲ ਕੀਤੀ ਗੰਦੀ ਕਰਤੂਤ, ਮਗਰੋਂ ਪੁਲਸ ਟੀਮ 'ਤੇ ਚਲਾ'ਤੀਆਂ ਗੋਲ਼ੀਆਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News