CM ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ’ਤੇ ਮਹਾਰਾਸ਼ਟਰ ’ਚ FIR ਦਰਜ, ਜਾਣੋ ਪੂਰਾ ਮਾਮਲਾ
Sunday, Mar 20, 2022 - 11:37 AM (IST)
ਜੈਪੁਰ- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬੇਟੇ ਅਤੇ ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਵੈਭਵ ਗਹਿਲੋਤ ਖਿਲਾਫ ਮਹਾਰਾਸ਼ਟਰ ਦੇ ਨਾਸਿਕ ਵਿਚ ਧੋਖਾਧੜੀ ਦੇ ਦੋਸ਼ ਵਿਚ ਐੱਫ. ਆਈ. ਆਰ. ਦਰਜ ਹੋਈ ਹੈ। ਨਾਸਿਕ ਦੇ ਕਾਰੋਬਾਰੀ ਸੁਸ਼ੀਲ ਭਾਲਚੰਦਰ ਪਾਟਿਲ ਨੇ ਵੈਭਵ ’ਤੇ ਮਹਾਰਾਸ਼ਟਰ ਦੇ ਸੈਰ-ਸਪਾਟਾ ਵਿਭਾਗ ਵਿਚ ਈ-ਟਾਇਲੇਟ ਸਮੇਤ ਸਰਕਾਰੀ ਵਿਭਾਗਾਂ ਵਿਚ ਟੈਂਡਰ ਦਿਵਾਉਣ ਦੇ ਨਾਂ ’ਤੇ 6.80 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲਾਇਆ ਹੈ।
ਸੁਸ਼ੀਲ ਨੇ ਨਾਸਿਕ ਦੇ ਗੰਗਾਪੁਰ ਥਾਣੇ ਵਿਚ ਬੀਤੀ 17 ਮਾਰਚ ਨੂੰ ਵੈਭਵ ਗਹਿਲੋਤ ਸਮੇਤ 14 ਲੋਕਾਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਕੋਰਟ ਦੇ ਹੁਕਮ ਤੋਂ ਬਾਅਦ ਮੁਕੱਦਮਾ ਦਰਜ ਹੋਇਆ ਹੈ। ਮੁੱਖ ਦੋਸ਼ੀ ਗੁਜਰਾਤ ਕਾਂਗਰਸ ਦੇ ਸਕੱਤਰ ਸਚਿਨ ਪੁਰਸ਼ੋਤਮ ਵਾਲੇਰਾ ਹਨ। ਵਾਲੇਰਾ ਦੇ ਪਿਤਾ ਪੁਰਸ਼ੋਤਮ ਭਾਈ ਵਾਲੇਰਾ ਵੀ ਸੀਨੀਅਰ ਕਾਂਗਰਸ ਨੇਤਾ ਰਹੇ ਹਨ।
ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਵੈਭਵ ਨੇ ਟਵੀਟ ਕੀਤਾ, ‘‘ਮੇਰੇ ਕੋਲ ਉਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਸ ਮਾਮਲੇ ਨਾਲ ਕੋਈ ਸਬੰਧ ਹੈ, ਜਿਸ ’ਚ ਮੇਰਾ ਨਾਂ ਮੀਡੀਆ ’ਚ ਘਸੀਟਿਆ ਗਿਆ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆਉਣਗੀਆਂ, ਝੂਠੇ ਦੋਸ਼ ਅਤੇ ਜੋੜ-ਤੋੜ ਦੀਆਂ ਕਹਾਣੀਆਂ ਸਾਹਮਣੇ ਆਉਣਗੀਆਂ।’’